ਲੋਕ ਸਭਾ ‘ਚ ਪੰਜਾਬ ਦੇ ਉਠਾਏ ਵੱਖ-ਵੱਖ ਮਸਲੇ
ਨਵੀਂ ਦਿੱਲੀ – ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਕਰ ਰਹੇ ਮੁਲਕ ਦੇ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਇੱਕਜੁੱਟ ਹੋਣ ਲਈ ਕਹਿਣ। ਪਾਰਲੀਮੈਂਟ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਆਪਣੇ ਸੰਬੋਧਨ ’ਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਬਿੱਟੂ ਨੇ ਕਿਹਾ ਕਿ ਇਸ ਉਦੇਸ਼ ਲਈ ਲੋਕ ਸਭਾ ਦੇ ਸਪੀਕਰ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਸਪੀਕਰ, ਲੋਕ ਸਭਾ ਆਪ ਵੀ ਇੱਕ ਕਿਸਾਨ ਹਨ ਅਤੇ ਇਸ ਸਮੇਂ ਸਿਰਫ਼ ਉਹ ਹੀ ਹਨ, ਜੋ ਸਾਰੀਆਂ ਪਾਰਟੀਆਂ ਨੂੰ ਮਿਲਾ ਕੇ ਕਿਸਾਨਾਂ ਸਬੰਧੀ ਮਸਲੇ ਦਾ ਹੱਲ ਕਰ ਸਕਦੇ ਹਨ, ਇਸ ਲਈ ਉਨਾਂ ਨੂੰ ਇਸ ਸਬੰਧੀ ਪਹਿਲ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਦੇਸ਼ ਨੂੰ ਜਦੋਂ ਵੀ ਕਿਸੇ ਪ੍ਰਕਾਰ ਦੀ ਲੋੜ ਪਈ ਹੈ ਤਾਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੇ ਕੋਈ ਕਮੀ ਨੀ ਛੱਡੀ ਭਾਵੇਂ ਇਹ ਮੁਲਕ ਲਈ ਖਾਧ ਪਦਾਰਥ ਦੀ ਪੈਦਾਵਾਰ ਦਾ ਮਸਲਾ ਹੋਵੇ ਜਾਂ ਸਰਹੱਦ ‘ਤੇ ਮੁਲਕ ਦੀ ਸੁਰੱਖਿਆ ਦਾ।ਉਨਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 900 ਕਰੋੜ ਰੁਪਏ ਲੰਬਿਤ ਹਨ। ਸ਼੍ਰੀ ਬਿੱਟੂ ਨੇ ਦੱਸਿਆ ਕਿ ਝੋਨੇ ਦੀ ਮਿਲਿੰਗ ਦਾ ਕੰਮ ਵੀ ਪੰਜਾਬ ਵਿੱਚ ਰੋਕ ਦਿੱਤਾ ਗਿਆ ਹੈ, ਉਨਾਂ ਦੱਸਿਆ ਕਿ ਇੱਕ ਲੱਖ ਟਨ ਝੋਨੇ ਦੀ ਕੀਮਤ 300 ਕਰੋੜ ਹੈ ਅਤੇ ਜਦ ਕਿ ਪੰਜਾਬ ਦਾ 62 ਲੱਖ ਟਨ ਝੋਨਾ ਮਿਲਿੰਗ ਪੱਖੋਂ ਰੋਕ ਦਿੱਤਾ ਗਿਆ ਹੈ ਜਿਸ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ।ਇਸ ਤੋਂ ਇਲਾਵਾ ਉਨਾਂ ਕਿਹਾ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਖਰੀਦ ਮਾਪਦੰਡ ਨਿਯਮਾਂ ਵਿੱਚ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਉਨਾਂ ਕਿਹਾ ਕਿ ਪੰਜਾਬ ਨੂੰ ਢੁੱਕਵੇਂ ਰੂਪ ਵਿੱਚ ਬਾਰਦਾਨੇ ਦੀ ਸਪਲਾਈ ਵੀ ਨਹੀਂ ਕੀਤੀ ਜਾ ਰਹੀ।ਉਨਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿੱਥੇ ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਆਰ.ਡੀ.ਐਕਸ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿ ਜੇਕਰ ਪੰਜਾਬ ਦੇ ਹਾਲਾਤ ਮੁੜ ਖਰਾਬ ਹੁੰਦੇ ਹਨ ਤਾਂ ਇਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।