ਨਿਊਯਾਰਕ, 8 ਸਤੰਬਰ – ਅਮਰੀਕਾ ਦੀ ਲੀਜੈਂਡ ਖਿਡਾਰੀ ਅਤੇ 23 ਵਾਰ ਦੀ ਗਰੈਂਡ ਸਲੇਮ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਯੂਨਾਨ ਦੀ ਮਾਰੀਆ ਸਕਾਰੀ ਦੀ ਸਖਤ ਚੁਣੌਤੀ ਤੇ ਤਿੰਨ ਸੈਟਾਂ ਵਿਚ ਕਾਬੂ ਪਾਉਂਦੇ ਹੋਏ ਸਾਲ ਦੇ ਆਖਰੀ ਗਰੈਂਡ ਸਲੇਮ ਯੂ.ਐਸ. ਓਪਨ ਵਿੱਚ ਆਪਣੀ 100ਵੀਂ ਜਿੱਤ ਨਾਲ ਬੀਬੀ ਵਰਗ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ|
ਤੀਜਾ ਦਰਜਾ ਪ੍ਰਾਪਤ ਸੇਰੇਨਾ ਨੇ 15ਵੀਂ ਸੀਡ ਮਾਰੀਆ ਨੂੰ 2 ਘੰਟੇ 28 ਮਿੰਟ ਤੱਕ ਚਲੇ ਮੁਕਾਬਲੇ ਵਿੱਚ 6-3, 6-7, 6-3 ਨਾਲ ਹਰਾ ਕੇ 58ਵੀਂ ਵਾਰ ਗਰੈਂਡ ਸਲੇਮ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ| ਸੇਰੇਨਾ ਨੇ ਪਹਿਲਾ ਸੈਟ ਜਿੱਤਣ ਦੇ ਬਾਅਦ ਦੂਜੇ ਸੈਟ ਦਾ ਟਾਈ ਬ੍ਰੇਕ 6-8 ਨਾਲ ਗਵਾਇਆ ਪਰ ਨਿਰਣਾਇਕ ਸੈਟ ਵਿਚ ਉਨ੍ਹਾਂ ਨੇ ਵਾਪਸੀ ਕਰਦੇ ਹੋਏ 8ਵੇਂ ਗੇਮ ਵਿੱਚ ਮਹੱਤਵਪੂਰਣ ਬ੍ਰੇਕ ਹਾਸਲ ਕੀਤਾ ਅਤੇ ਇਸ ਸੈਟ ਨੂੰ 6-3 ਨਾਲ ਨਿਪਟਾ ਕੇ ਅੰਤਿਮ 8 ਵਿੱਚ ਸਥਾਨ ਬਣਾ ਲਿਆ|
ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰੀ ਅਤੇ ਯੂ.ਐਸ. ਓਪਨ ਵਿੱਚ 6 ਵਾਰ ਦੀ ਚੈਂਪੀਅਨ ਸੇਰੇਨਾ ਨੇ 22ਵੀਂ ਰੈਂਕਿੰਗ ਦੀ ਮਾਰੀਆ ਖਿਲਾਫ ਜੇਤੂ ਅੰਕ ਹਾਸਲ ਕਰਦੇ ਹੀ ਜਿੱਤ ਦੀ ਹੁੰਕਾਰ ਲਗਾਈ| ਸੇਰੇਨਾ ਨੇ ਮੈਚ ਵਿੱਚ 30 ਵਿਨਰਸ ਲਗਾਏ ਅਤੇ 3 ਵਾਰ ਵਿਰੋਧੀ ਖਿਡਾਰੀ ਦੀ ਸਰਵਿਸ ਤੋੜੀ, ਜਦੋਂ ਕਿ ਮਾਰੀਆ ਨੇ 35 ਵਿਨਰਸ ਤਾਂ ਲਗਾਏ ਪਰ ਉਹ ਇਕ ਵਾਰ ਹੀ ਸਰਵਿਸ ਬ੍ਰੇਕ ਹਾਸਲ ਕਰ ਸਕੀ | ਸੇਰੇਨਾ ਨੇ ਇਸ ਜਿੱਤ ਨਾਲ ਮਾਰੀਆ ਤੋਂ ਯੂ.ਐਸ. ਓਪਨ ਦੇ ਅਭਿਆਸ ਟੂਰਨਾਮੈਂਟ ਵੈਸਟਰਨ ਐਂਡ ਸਦਰਨ ਓਪਨ ਵਿੱਚ ਮਿਲੀ ਹਾਰ ਦਾ ਬਦਲਾ ਚੁੱਕਾ ਲਿਆ|