ਸੁਕਮਾ, 8 ਨਵੰਬਰ – ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਮਰਈਗੁੜਾ ਨੇੜੇ ਅੱਜ ਕੇਂਦਰੀ ਰਿਜ਼ਰਵ ਪੁਲੀਸ ਫ਼ੋਰਸ (ਸੀ. ਆਰ. ਪੀ.ਐੱਫ.) ਦੇ ਕੈਂਪ ਵਿੱਚ ਇੱਕ ਜਵਾਨ ਨੇ ਆਪਣੇ ਸਾਥੀਆਂ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ।
ਪੁਲੀਸ ਸੂਤਰਾਂ ਅਨੁਸਾਰ ਲਿੰਗਨਪੱਲੀ ਦੇ ਕੈਂਪ ਵਿੱਚ ਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਕਾਰਨ ਇੱਕ ਜਵਾਨ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਤਿੰਨ ਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਚਾਰ ਨੂੰ ਹਸਪਤਾਲ ਭੇਜਿਆ ਗਿਆ। ਇਕ ਹੋਰ ਜਵਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਸੂਤਰਾਂ ਅਨੁਸਾਰ ਗੋਲੀ ਲੱਗਣ ਨਾਲ ਸੀ. ਆਰ. ਪੀ. ਐੱਫ. ਦੀ 50ਵੀਂ ਬਟਾਲੀਅਨ ਦੇ ਧਨਜੀ, ਰਾਜੀਵ ਮੰਡਲ, ਰਾਜਮਣੀ ਕੁਮਾਰ ਯਾਦਵ ਅਤੇ ਧਰਮੇਂਦਰ ਕੁਮਾਰ ਸ਼ਹੀਦ ਹੋਏ ਹਨ। ਤਿੰਨ ਹੋਰ ਜ਼ਖਮੀ ਜਵਾਨਾਂ ਧਨੰਜਯ ਕੁਮਾਰ ਸਿੰਘ, ਧਰਮਾਤਮਾ ਕੁਮਾਰ ਅਤੇ ਮਲਯ ਰੰਜਨ ਮਹਾਰਾਣਾ ਦਾ ਇਲਾਜ ਚੱਲ ਰਿਹਾ ਹੈ। ਸਾਰਿਆਂ ਨੂੰ ਕੋਲ ਹੀ ਸਥਿਤ ਤੇਲੰਗਾਨਾ ਦੇ ਭਦਰਾਚਲਮ ਦੇ ਹਸਪਤਾਲ ਭੇਜਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਜਵਾਨਾਂ ਵਿਚਾਲੇ ਵਿਵਾਦ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਗੋਲੀ ਚਲਾਉਣ ਵਾਲੇ ਜਵਾਨ ਦਾ ਨਾਮ ਵੀ ਹਾਲੇ ਪਤਾ ਨਹੀਂ ਲੱਗਾ ਹੈ।
ਸੀ. ਆਰ. ਪੀ. ਐਫ. ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ। ਜਿਕਰਯੋਗ ਹੈ ਕਿ ਇੱਥੇ ਕਿਸੇ ਫ਼ੌਜੀ ਵੱਲੋਂ ਆਪਣੇ ਸਾਥੀਆਂ ਤੇ ਗੋਲ਼ੀ ਚਲਾਉਣ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।