ਪਟਿਆਲਾ, 8 ਸਤੰਬਰ, 2020 :-ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰ ਧਰਨਾ ਪ੍ਰਦਰਸ਼ਨ ਕਰਕੇ ਕੋਵਿਡ ਦੇ ਮੱਦੇਨਜ਼ਰ ਲਾਗੂ ਧਾਰਾ 144 ਦੀ ਉਲੰਘਣਾ ਕਰਨ ਵਾਲੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਮੇਤ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਹੈ। ਇਨ੍ਹਾਂ ਨੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਡਿਊਟੀ ‘ਚ ਵਿਘਨ ਪਾਉਂਦਿਆਂ ਜਿੱਥੇ ਪੁਲਿਸ ‘ਤੇ ਹਮਲਾ ਕੀਤਾ ਉਥੇ ਹੀ ਕੋਵਿਡ ਸਬੰਧੀਂ ਹਦਾਇਤਾਂ ਤੇ ਧਾਰਾ 144 ਦੀ ਵੀ ਉਲੰਘਣਾ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਕਿਹਾ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਸ਼ਹਿਰ ‘ਚ ਅੱਜ ਇਨ੍ਹਾਂ ਧਰਨਾਕਾਰੀਆਂ ਵੱਲੋਂ ਕੀਤੀ ਗਈ ਹੁਲੜਬਾਜੀ ਕਰਕੇ ਪਟਿਆਲਾ ਪੁਲਿਸ ਦੇ ਐਸ.ਆਈ. ਬਲਵਾਨ ਸਿੰਘ ਸਮੇਤ 4 ਹੋਰ ਪੁਲਿਸ ਅਧਿਕਾਰੀ, ਜਿਨ੍ਹਾਂ ‘ਚ ਦੋ ਮਹਿਲਾ ਸਿਪਾਹੀ ਸ਼ਾਮਲ ਹਨ, ਫੱਟੜ ਹੋਏ ਹਨ, ਇਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਬਾਅਦ ‘ਚ ਛੁੱਟੀ ਦੇ ਦਿੱਤੀ ਗਈ।
ਦੁੱਗਲ ਨੇ ਦੱਸਿਆ ਕਿ ਇਸ ਸਬੰਧੀਂ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 245 ਮਿਤੀ 07/09/2020 ਤਹਿਤ ਆਈ.ਪੀ.ਸੀ ਦੀਆਂ ਧਾਰਾਵਾਂ 353, 354, 332, 186, 188, 149, 269, 270 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਅਤੇ ਐਪਿਡੈਮਿਕ ਡਿਜ਼ੀਜ (ਸੋਧਿਆ) ਆਰਡੀਨੈਂਸ 2020 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਕਿਹਾ ਕਿ ਇਸ ਮਾਮਲੇ ‘ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ, ਨਵਦੀਵ ਸਿੰਘ ਪੁੱਤਰ ਟੀਨਾ ਸਿੰਘ, ਗਗਨਦੀਪ ਸਿੰਘ, ਪ੍ਰੀਤਇੰਦਰ ਸਿੰਘ, ਮਨਵਿੰਦਰ ਸਿੰਘ, ਜਗਜੋਧ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਫੁਲਪ੍ਰੀਤ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ, ਗੁਰਮੀਤ ਸਿੰਘ, ਰਾਜਿੰਦਰ ਸਿੰਘ ਖੈਰਾ, ਭੀਮ ਸਿੰਘ, ਲਕਸ਼ਮਣ ਸਿੰਘ, ਅਮਰਜੀਤ ਕੌਰ, ਕਮਲਜੀਤ ਕੌਰ, ਅਮਰੀਕ ਸਿੰਘ ਖ਼ਾਲਸਾ ਸਮੇਤ 300 ਹੋਰ ਅਣਪਛਾਤਿਆਂ ਨੂੰ ਨਾਮਜਦ ਕੀਤਾ ਗਿਆ ਹੈ।
ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਧਰਨਾ ਦੇਣ ਦੇ ਦਿੱਤੇ ਗਏ ਸੱਦੇ ‘ਤੇ ਵੱਡੀ ਗਿਣਤੀ ਲੋਕ ਬੱਸਾਂ ਤੇ ਹੋਰ ਵਹੀਕਲਾਂ ‘ਚ ਦੋਵਾਂ ਵਿਧਾਇਕਾਂ ਦੀ ਅਗਵਾਈ ਹੇਠ ਪੁੱਡਾ ਗਰਾਊਂਡ ਵਿਖੇ ਇਕੱਤਰ ਹੋਏ, ਜਿੱਥੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਤੇ ਡਿਊਟੀ ਮੈਜਿਸਟਰੇਟ ਵੱਲੋਂ ਰੋਕ ਕੇ ਦੱਸਿਆ ਗਿਆ ਕਿ ਸ਼ਹਿਰ ਅੰਦਰ ਕੋਵਿਡ ਮਹਾਂਮਾਰੀ ਕਰਕੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਦੇ ਹੁਕਮ ਲਾਗੂ ਹਨ। ਇਸ ਲਈ ਧਰਨਾ, ਪ੍ਰਦਰਸ਼ਨ ਜਾਂ ਰੋਸ ਮਾਰਚ ਨਹੀਂ ਕੀਤਾ ਜਾ ਸਕਦਾ ਪਰੰਤੂ ਇਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ਅਤੇ ਕੋਵਿਡ ਸਬੰਧੀਂ ਹਦਾਇਤਾਂ ਨੂੰ ਨਜ਼ਰ ਅੰਦਾਜ ਕਰਦਿਆਂ ਰੋਸ ਮਾਰਚ ਸ਼ੁਰੂ ਕਰ ਦਿੱਤਾ, ਜਿਸ ਨੂੰ ਪੁਲਿਸ ਵੱਲੋਂ ਪੋਲੋ ਗਰਾਊਂਡ ਨੇੜੇ ਰੋਕਿਆ ਗਿਆ।
ਦੁੱਗਲ ਨੇ ਦੱਸਿਆ ਕਿ ਇਥੇ ਇਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਅਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸਮਝਾਇਆ ਗਿਆ ਪਰੰਤੂ ਇਨ੍ਹਾਂ ਨੇ ਹਿੰਸਾਤਮਕ ਰੁਖ ਅਪਣਾਉਂਦਿਆਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਧੱਕਾਮੁੱਕੀ ਕੀਤੀ ਉੱਥੇ ਪੁਲਿਸ ਦੀ ਅਮਨ ਕਾਨੂੰਨ ਬਹਾਲ ਕਰਨ ਦੀ ਡਿਊਟੀ ਵਿੱਚ ਵਿਘਨ ਪਾਉਂਦਿਆਂ ਪੁਲਿਸ ਉਪਰ ਹੀ ਹਮਲਾ ਕਰ ਦਿੱਤਾ ਅਤੇ ਨਾਲ ਹੀ ਮਹਿਲਾ ਪੁਲਿਸ ਕਰਮਚਾਰਨਾ ਨਾਲ ਦੁਰਵਿਵਹਾਰ ਵੀ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਅਜਿਹਾ ਕਰਨ ਕਰਕੇ ਕਈ ਪੁਲਿਸ ਅਧਿਕਾਰੀ ਤੇ ਮੁਲਾਜਮ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਡਿਊਟੀ ਮੈਜਿਸਟਰੇਟ ਦੀ ਆਗਿਆ ਦੇ ਨਾਲ ਅਮਨ ਕਾਨੂੰਨ ਬਹਾਲ ਰੱਖਣ ਦੇ ਮਨਸ਼ੇ ਨਾਲ ਇਨ੍ਹਾਂ ਨੂੰ ਖਦੇੜ ਦਿੱਤਾ ਗਿਆ।