ਵਾਸ਼ਿੰਗਟਨ, 5 ਸਤੰਬਰ, 2020 : ਅਮਰੀਕੀ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਕਰੋਨਾਵਾਇਰਸ ਵੈਕਸੀਨ ਪਹਿਲੀ ਨਵੰਬਰ ਤੋਂ ਵੰਡਣ ਲਈ ਤਿਆਰ ਰਹਿਣ। ਇਸ ਐਲਾਨ ਨਾਲ ਸਿਹਤ ਮਾਹਿਰਾਂ ’ਚ ਖ਼ਦਸ਼ੇ ਪੈਦਾ ਹੋ ਗਏ ਹਨ ਕਿ ਕਿਤੇ ਇਹ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਈ ਸਿਆਸੀ ਹਥਕੰਡਾ ਤਾਂ ਨਹੀਂ ਹੈ। ਅਮਰੀਕੀ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਦੇ ਡਾਇਰੈਕਟਰ ਰੌਬਰਟ ਰੈੱਡਫੀਲਡ ਨੇ ਸੂਬਿਆਂ ਨੂੰ ਕਿਹਾ ਕਿ ਨੇੜ ਭਵਿੱਖ ’ਚ ਉਨ੍ਹਾਂ ਨੂੰ ਮੈਕਕੇਸਨ ਕਾਰਪੋਰੇਸ਼ਨ ਤੋਂ ਮਨਜ਼ੂਰੀ ਪੱਤਰ ਮਿਲ ਜਾਵੇਗਾ ਜਿਸ ਨੇ ਸੀਡੀਸੀ ਨਾਲ ਮਿਲ ਕੇ ਵੈਕਸੀਨ ਵੰਡਣ ਦਾ ਸਮਝੌਤਾ ਕੀਤਾ ਹੈ। ਗਵਰਨਰਾਂ ਨੂੰ ਲਿਖੇ ਪੱਤਰ ’ਚ ਰੈੱਡਫੀਲਡ ਨੇ ਕਿਹਾ ਕਿ ਸੀਡੀਸੀ ਇਨ੍ਹਾਂ ਟੀਕਿਆਂ ਦੀ ਵੰਡ ਦਾ ਕੰਮ ਤੇਜ਼ ਕਰਨ ’ਚ ਸਹਿਯੋਗ ਦੀ ਅਪੀਲ ਕਰਦਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਜੇਕਰ ਲੋੜ ਹੋਵੇ ਤਾਂ ਸੂਬੇ ਪਹਿਲੀ ਨਵੰਬਰ ਤੱਕ ਲੋੜੀਂਦੇ ਪ੍ਰਬੰਧ ਕਰ ਲੈਣ। ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਸ਼ੁਰੂ ’ਚ ਵੈਕਸੀਨ ਨੂੰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਜਾਂ ਏਜੰਸੀ ਵੱਲੋਂ ਅਧਿਕਾਰਤ ਕੰਪਨੀ ਦੀ ਪ੍ਰਵਾਨਗੀ ਮਿਲੇਗੀ।