ਸਰੀ, 5 ਸਤੰਬਰ 2020-ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨਿਧੜਕ ਆਗੂ ਜਸਵੰਤ ਸਿੰਘ ਖਾਲੜਾ ਨੂੰ ਸਨਮਾਨ ਦਿੰਦਿਆਂ ਕੈਨੇਡਾ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਬਰਨਬੀ, ਨਿਊਵੈਸਟ ਮਿਨਸਟਰ ਅਤੇ ਬਰੈਂਪਟਨ ਦੀਆਂ ਸਿਟੀ ਕੌਂਸਲਾਂ ਨੇ 6 ਸਤੰਬਰ ਦਾ ਦਿਨ ‘ਜਸਵੰਤ ਸਿੰਘ ਖਾਲੜਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਪਹਿਲ ਸਰੀ ਦੇ ਲਾਗਲੇ ਸ਼ਹਿਰ ਬਰਨਬੀ ਦੀ ਕੌਂਸਲ ਵਲੋਂ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਹੇਠ ਜਾਰੀ ਐਲਾਨਨਾਮੇ ਰਾਹੀਂ ਹੋਈ ਸੀ। ਇਸ ਤੋਂ ਬਾਅਦ ਨਿਊਵੈਸਟ ਮਨਿਸਟਰ ਅਤੇ ਬਰੈਂਪਟਨ ਵਿਚ ਵੀ 6 ਸਤੰਬਰ ਦਾ ਦਿਨ ਮਨੁੱਖੀ ਹੱਕਾਂ ਦੇ ਰਾਖੇ ‘ਜਸਵੰਤ ਸਿੰਘ ਖਾਲੜਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਬਰਨਬੀ ਕੌਂਸਲ ਵੱਲੋਂ ਇਹ ਮਾਨਤਾ ਦਿਵਾਉਣ ਵਿਚ ਬਰਨਬੀ ਦੀ ਵਸਨੀਕ ਬਲਜਿੰਦਰ ਕੌਰ ਨਾਰੰਗ ਦਾ ਵਿਸ਼ੇਸ਼ ਯੋਗਦਾਨ ਰਿਹਾ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਭਾਈ ਜਸਵੰਤ ਸਿੰਘ ਖਾਲੜਾ ਦਿਵਸ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਦੇ ਸਤਿਕਾਰਤ ਆਗੂ ਭਾਈ ਜਸਵੰਤ ਸਿੰਘ ਖਾਲੜਾ ਨੇ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਪ੍ਰਤੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਸਵੈ-ਮਾਣ ਅਤੇ ਮਨੁੱਖੀ ਹੱਕਾਂ ਲਈ ਸੰਘਰਸ਼ਸ਼ੀਲ ਸ. ਖਾਲੜਾ ਦੀ ਬਰਸੀ ਸਾਨੂੰ ਦੁਨੀਆਂ ਭਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿਚ ਆਵਾਜ਼ ਉਠਾਉਣ ਲਈ ਪ੍ਰੇਰਦੀ ਹੈ। ਮੇਅਰ ਨੇ ਕਿਹਾ ਕਿ ਬਰੈਂਪਟਨ ਸ਼ਹਿਰ ਸਿੱਖ ਇਤਿਹਾਸ, ਸਭਿਆਚਾਰ ਅਤੇ ਸਾਊਥ ਏਸ਼ੀਅਨ ਇਤਿਹਾਸ ਵਿਚ ਭਾਈ ਜਸਵੰਤ ਸਿੰਘ ਖਾਲੜਾ ਦੀ ਅਹਿਮੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਿੱਖ ਭਾਈਚਾਰੇ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਨਾ ਚਾਹੁੰਦਾ ਹੈ।
ਵਰਨਣਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ 25,000 ਦੇ ਕਰੀਬ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸੱਚ ਬੇਪਰਦ ਕੀਤਾ ਸੀ। ਸੱਚਾਈ ਦਾ ਸਾਹਮਣਾ ਕਰਨ ਵਿਚ ਅਸਫਲ ਰਹੀ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਵੀ ਅਗਵਾ ਕਰਕੇ ਲਾਪਤਾ ਕਰ ਦਿੱਤਾ ਸੀ। ਉਨ੍ਹਾਂ ਪੰਜਾਬ ਵਿਚ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਆਪਣੀ ਆਵਾਜ ਕੌਮਾਂਤਰੀ ਪੱਧਰ ਤੇ ਵੀ ਉਠਾਈ ਅਤੇ ਕੈਨੇਡਾ ਆ ਕੇ ਇਥੇ ਵੱਸਦੇ ਪੰਜਾਬੀਆਂ ਅਤੇ ਕੈਨੇਡੀਅਨ ਸਿਆਸਤਦਾਨਾਂ ਨੂੰ ਪੰਜਾਬ ਵਿਚ ਹੋਏ ਮੁਨੱਖੀ ਅਧਿਕਾਰਾਂ ਦੇ ਘਾਣ ਤੋਂ ਜਾਣੂੰ ਕਰਵਾਇਆ ਸੀ।