ਚੰਡੀਗੜ੍ਹ, 4 ਸਤੰਬਰ, 2020 : ਚੰਡੀਗੜ੍ਹ ‘ਚ ਵੀ ਹੁਣ ਹਰੇ ਰੰਗ ਦੀ ਨੰਬਰ ਪਲੇਟ ਵਾਲੀਆਂ ਕਾਰਾਂ ਦਿਸਣ ਲੱਗ ਪਈਆਂ ਹਨ। ਅਸਲ ਵਿਚ ਸਰਕਾਰ ਨ 2018 ਵਿਚ ਫੈਸਲਾ ਲਿਆ ਸੀ ਕਿ ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਸੜਕ ‘ਤੇ ਹੋਰਨਾਂ ਵਾਹਨਾਂ ਨਾਲੋ ਵੱਖਰੀ ਪਛਾਣ ਰੱਖੀ ਜਾਵੇਗੀ। ਸਾਰੇ ਇਲੈਕਟ੍ਰਿਕ ਵਾਹਨਾਂ ਵਾਸਤੇ ਹਰੇ ਰੰਗ ਦੀ ਨੰਬਰ ਪਲੇਟ ਰੱਖਣ ਦਾ ਫੈਸਲਾ ਕੀਤਾ ਗਿਆ। ਸਰਕਾਰ ਨੇ ਪ੍ਰਾਈਵੇਟ ਤੇ ਕਮਰਸ਼ੀਅਲ ਦੋਵੇਂ ਤਰਾਂ ਦੇ ਵਾਹਨਾਂ ਲਈ ਹਰੇ ਰੰਗ ਦੀ ਨੰਬਰ ਪਲੇਟ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਾਈਵੇਟ ਵਾਹਨਾਂ ਲਈ ਹਰੇ ਰੰਗ ਦੀ ਨੰਬਰ ਪਲੇਟ ‘ਤੇ ਚਿੱਟੇ ਫੋਂਟ ਨਾਲ ਨੰਬਰ ਲਿਖੇ ਜਾਣਗੇ ਜਦਕਿ ਕਮਰਸ਼ੀਅਲ ਲਈ ਹਰੇ ਰੰਗ ਦੀ ਨੰਬਰ ਪਲੇਟ ‘ਤੇ ਪੀਲੇ ਰੰਗ ਦੇ ਫੋਂਟ ਨਾਲ ਨੰਬਰ ਲਿਖੇ ਜਾਣਗੇ।
ਸੜਕ ‘ਤੇ ਵੱਖਰੀ ਪਛਾਣ ਹੀ ਨਹੀਂ ਬਲਕਿ ਇਹਨਾਂ ਵਾਹਨਾਂ ਲਈ ਕੋਈ ਵਿਸ਼ੇਸ਼ ਛੋਟਾਂ ਵੀ ਹੋਣਗੀਆਂ। ਇਸ ਵੇਲੇ ਟਾਟਾ ਮੋਟਰਜ਼ ਅਤੇ ਮਹਿੰਦਰਾ ਵੱਲੋਂ ਇਲੈਕਟ੍ਰਿਕ ਵਾਹਨ ਬਣਾਏ ਜਾ ਰਹੇ ਹਨ । ਇਹਨਾਂ ਨੂੰ ਪਾਰਕਿੰਗ ਵਾਸਤੇ ਤਰਜੀਹ ਮਿਲੇਗੀ, ਕਈ ‘ਕੰਨਜੈਸਟਡ ਜ਼ੋਨਾਂ ‘ ਵਿਚ ਮੁਫਤ ਦਾਖਲਾ ਮਿਲੇਗਾ, ਟੋਲ ਟੈਕਸ ਵਿਚ ਰਿਆਇਤਾਂ ਮਿਲਣਗੀਆਂ ਜਦਕਿ ਕਮਰਸ਼ੀਅਨ ਵਾਹਨਾਂ ਲਈ ਸਰਕਾਰ ਪਰਮਿਟ ਵਿਚ ਛੋਟਾਂ ਦੇਣ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਈ ਰਿਕਸ਼ਾ, ਈ ਬੱਸਾਂ ਤੇ ਈ ਟੈਕਸੀਆਂ ਦੀ ਗਿਣਤੀ ਵਧੇਗੀ ਤੇ ਪ੍ਰਦੂਸ਼ਣ ਘਟੇਗਾ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਅਸੀਂ ਹਰੀਆਂ ਨੰਬਰ ਪਲੇਟਾਂ ਦਾ ਫੈਸਲਾ ਇਸ ਲਈ ਕੀਤਾ ਹੈ ਤਾਂ ਕਿ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ।