ਬਹੁਕਰੋੜੀ ਵਜ਼ੀਫ਼ਾ ਘੁਟਾਲਾ, ‘ਆਪ’ ਵਲੋਂ ਧਰਮਸੋਤ ਵਿਰੁੱਧ ਜ਼ਿਲ੍ਹਾ-ਪੱਧਰੀ ਰੋਸ ਮੁਜ਼ਾਹਰਾ
ਕੈਬਿਨਟ ਮੰਤਰੀ ਧਰਮਸੋਤ ਦਾ ਪੁਤਲਾ ਸਾੜਿਆ
ਐਸ.ਏ.ਐਸ ਨਗਰ 4 ਸਤੰਬਰ – ਪੰਜਾਬ ਵਿੱਚ ਹੋਏ ਕਥਿਤ ਬਹੁਕਰੋੜੀ ਵਜੀਫਾ ਘੁਟਾਲੇ ਲਈ ਸਮਾਜ ਭਲਾਈ ਅਤੇ ਜੰਗਲਾਤ ਵਿਭਾਗ ਦੇ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੂੰ ਜਿੰਮੇਵਾਰ ਠਹਿਰਾਉਂਦਿਆਂ ਆਮ ਆਦਮੀ ਪਾਰਟੀ ਵਲੋਂ ਇੱਥੇ ਜਿਲ੍ਹਾ ਪੱਧਰੀ ਮੁਜਾਹਰੇ ਦੌਰਾਨ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਕੇ ਮੰਤਰੀ ਅਤੇ ਪੂਰੇ ਵਜ਼ੀਫਾ ਘੋਟਾਲਾ ਗਿਰੋਹ ਖ਼ਿਲਾਫ ਫੌਜਦਾਰੀ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਗਈ|
ਰੋਸ ਧਰਨੇ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂਆਂ ਮੈਡਮ ਰਾਜ ਲਾਲੀ ਗਿੱਲ, ਨਰਿੰਦਰ ਸਿੰਘ ਸ਼ੇਰਗਿੱਲ, ਹਰੀਸ਼ ਕੌਸ਼ਲ, ਹਰਜੀਤ ਬੰਟੀ, ਗੁਰਮੇਜ਼ ਸਿੰਘ ਕਾਹਲੋਂ, ਗੁਰਤੇਜ ਸਿੰਘ ਪੰਨੂ, ਕੁਲਜੀਤ ਸਿੰਘ ਰੰਧਾਵਾ, ਬਹਾਦਰ ਸਿੰਘ ਚਾਹਲ, ਆਰਤੀ ਰਾਣਾ, ਸਵੀਟੀ ਸ਼ਰਮਾ, ਨਵਜੋਤ ਸੈਣੀ, ਜਗਦੇਵ ਮਲੋਆ, ਗੋਵਿੰਦਰ ਮਿੱਤਲ, ਸਰਬਜੀਤ ਕੌਰ, ਡਾ. ਸਨੀ ਆਹਲੂਵਾਲੀਆ, ਬਲਵਿੰਦਰ ਕੌਰ ਧਨੌੜਾ, ਪਰਮਿੰਦਰ ਸਿੰਘ ਗੋਲਡੀ, ਪ੍ਰਭਜੋਤ ਕੌਰ, ਜਸਪਾਲ ਕਉਣੀ, ਗੋਲਡੀ ਜਸਵਾਲ, ਪਰਮਜੀਤ ਸਵਾੜਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਹੋਣਹਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦਾ ਕਾਤਲ ਹੈ| ਧਰਮਸੋਤ ਖ਼ਿਲਾਫ਼ ਵਧੀਕ ਮੁੱਖ ਸਕੱਤਰ ਵੱਲੋਂ ਜਿੰਨੇ ਦਸਤਾਵੇਜ਼ੀ ਸਬੂਤਾਂ ਨਾਲ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਹੈ, ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜ ਮਿੰਟਾਂ ਵਿੱਚ ਮੰਤਰੀ ਮੰਡਲ ਵਿੱਚੋ ਬਰਖ਼ਾਸਤ ਕਰਕੇ ਫ਼ੌਜਦਾਰੀ ਮੁਕੱਦਮਾ ਦਰਜ ਕਰ ਲਿਆ ਜਾਣਾ ਚਾਹੀਦਾ ਸੀ|
‘ਆਪ’ ਲੀਡਰਸ਼ਿਪ ਨੇ ਮੁੱਖ ਮੰਤਰੀ ਤੇ ਦੋਸ਼ ਲਗਾਏ ਕਿ ਉਹ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਸਕੀਮ ਵਿੱਚ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਆਪਣੇ ਭ੍ਰਿਸ਼ਟ ਮੰਤਰੀ (ਧਰਮਸੋਤ) ਨੂੰ ਬਰਖ਼ਾਸਤ ਕਰਨ ਵਿੱਚ ਬਚਾਉਣ ਲਈ ਸਾਰੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਹੱਦਾਂ ਟੱਪ ਰਹੇ ਹਨ|
ਇਸ ਮੌਕੇ ਗੱਲ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ. ਨਰਿੰਦਰ ਸਿੰਘ ਸ਼ੇਰ ਗਿੱਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਵੀ ਬੱਚਿਆਂ ਦੇ ਵਜੀਫੇ ਦੇ 1200 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ| ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਇਸ ਘੁਟਾਲੇ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਸਜਾ ਦਵਾਈ ਜਾਵੇਗੀ| ਪਰ ਹੁਣ ਘੋਟਾਲਾ ਜੱਗ-ਜ਼ਾਹਿਰ ਹੋਣ ਦੇ 10 ਦਿਨ ਲੰਘ ਜਾਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭ੍ਰਿਸ਼ਟ ਪ੍ਰੰਤੂ ‘ਕਮਾਊ ਪੁੱਤ’ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਪਈ ਹੈ| ਉਨ੍ਹਾਂ ਕਿਹਾ ਕਿ ਜਦੋਂ ਤੱਕ ਸ੍ਰ. ਧਰਮਸੋਤ ਨੂੰ ਬਰਖਾਸਤ ਕਰਕੇ ਮਾਮਲਾ ਨਹੀਂ ਦਰਜ ਕਰਵਾਇਆ ਜਾਂਦਾ ਉਦੋਂ ਤੱਕ ਇਸ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ|