ਮੋਗਾ, 3 ਸਤੰਬਰ 2020 – ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮਹਿਰੋ ਦੇ ਨੌਜਵਾਨ ਦੀ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਫ਼ੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਸੈਂਟਰ (ਐੱਸਆਰਸੀ) ਦੇ ਵਿੱਚ ਸਿਖਲਾਈ ਦੌਰਾਨ ਤਲਾਅ ਵਿੱਚ ਡੁੱਬਣ ਨਲ ਮੌਤ ਹੋ ਗਈ ਹੈ।
ਸਾਡਾ ਮੋਗਾ ਦੀ ਖਬਰ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਗੁਰਸੇਵਕਸ਼ ਸਿੰਘ ਸਿੰਘ (22) 4 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ ਤੇ ਉਹ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ, ਇਨ੍ਹਾਂ ਦੋਨਾਂ ਨੌਜਵਾਨਾਂ ਦੀ ਹੀ ਉਮਰ 22 ਸਾਲ ਸੀ ਅਤੇ ਇਹ ਜਵਾਨ ਐੱਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਅ ‘ਚ ਸਿਖਲਾਈ ਲੈ ਰਹੇ ਸਨ।
ਦੋਵੇ ਪੰਜਾਬ ਦੇ ਨੌਜਵਾਨ ਸਿਖਲਾਈ ਦੌਰਾਨ ਡੂੰਘੇ ਪਾਣੀ ਤੇ ਦਲਦਲ ‘ਚ ਫਸ ਕੇ ਡੁੱਬ ਗਏ ਸਨ। ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਕੱਢ ਕੇ ਫ਼ੌਜੀ ਹਸਪਤਾਲ ‘ਚ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹੈ ਕਿ ਦੋਵੇਂ ਜਵਾਨ ਨੌਂ ਮਹੀਨਿਆਂ ਦੀ ਸਿਖਲਾਈ ਦੌਰਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸਨ।