ਚੰਡੀਗੜ੍ਹ, 01 ਸਤੰਬਰ 2020: ਮੰਡੀ ਕਾਲਾਂਵਾਲੀ ਵਿੱਚ ਮਠਿਆਈ ਦੀ ਦੁਕਾਨ ਚਲਾਉਂਦੇ ਧਰਮ ਪਾਲ ਲਈ ਭਾਵੇਂ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਰੱਖੜੀ ਦਾ ਤਿਉਹਾਰ ਫਿੱਕਾ ਰਿਹਾ ਪਰ ਪੰਜਾਬ ਸਰਕਾਰ ਦੇ ਰਾਖੀ ਬੰਪਰ-2020 ਨੇ ਉਸ ਦਾ ਮੂੰਹ ਮਿੱਠਾ ਕਰਾ ਦਿੱਤਾ।
ਇਥੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਧਰਮ ਪਾਲ ਨੇ ਦੱਸਿਆ ਕਿ ਪਿਛਲੇ 13 ਵਰ੍ਹਿਆਂ ਤੋਂ ਉਹ ਪੰਜਾਬ ਸਰਕਾਰ ਦੀਆਂ ਬੰਪਰ ਸਕੀਮਾਂ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਉਸ ਨੂੰ ਇਨਾਮ ਪਹਿਲੀ ਵਾਰ ਨਿਕਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਰਾਜ ਰਾਖੀ ਬੰਪਰ-2020 ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਗਿਆ ਸੀ। ਧਰਮ ਪਾਲ ਨੂੰ ਲਾਟਰੀਜ਼ ਵਿਭਾਗ ਵੱਲੋਂ 21 ਅਗਸਤ ਨੂੰ ਫੋਨ ਕਰਕੇ ਟਿਕਟ ਨੰਬਰ ਬੀ-315094 ਉਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਬਾਰੇ ਜਾਣਕਾਰੀ ਦਿੱਤੀ।
ਧਰਮ ਪਾਲ ਨੇ ਦੱਸਿਆ ਕਿ ਉਸ ਦੇ ਇਕ ਧੀ ਅਤੇ ਦੋ ਪੁੱਤਰ ਹਨ। ਵੱਡਾ ਬੇਟਾ ਵਿਆਹਿਆ ਹੋਇਆ ਜਦੋਂ ਕਿ ਬੇਟੀ ਅਤੇ ਇਕ ਲੜਕਾ ਪੜ੍ਹ ਰਹੇ ਹਨ। ਉਸ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਹ ਆਪਣੇ ਬੱਚਿਆਂ ਨੂੰ ਉੱਚ ਤਾਲੀਮ ਦਿਵਾਉਣ ਤੋਂ ਇਲਾਵਾ ਆਪਣੇ ਕਾਰੋਬਾਰ ਦਾ ਵਿਸਥਾਰ ਕਰੇਗਾ। ਉਸ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਜ਼ਿੰਦਗੀ ਵਿੱਚ ਕਦੇ ਐਨੀਂ ਵੱਡੀ ਇਨਾਮੀ ਰਾਸ਼ੀ ਜਿੱਤੇਗਾ। ਇਹ ਸੁਪਨਾ ਸਾਕਾਰ ਹੋਣ ਵਾਂਗ ਹੈ।
ਧਰਮ ਪਾਲ ਨੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗੀ ਵਤੀਰੇ ਦੀ ਸ਼ਲਾਘਾ ਕਰਦਿਆਂ ਡਰਾਅ ਕੱਢਣ ਦੇ ਪਾਰਦਰਸ਼ੀ ਢੰਗ ਉਤੇ ਤਸੱਲੀ ਵੀ ਪ੍ਰਗਟਾਈ। ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸ਼ਨਸੀਬ ਜੇਤੂ ਨੂੰ ਜਲਦ ਤੋਂ ਜਲਦ ਇਨਾਮੀ ਰਾਸ਼ੀ ਉਸ ਦੇ ਖਾਤੇ ਵਿੱਚ ਤਬਦੀਲ ਕਰਨ ਦਾ ਭਰੋਸਾ ਦਿੱਤਾ।