ਸ੍ਰੀ ਮੁਕਤਸਰ ਸਾਹਿਬ, 1 ਸਤੰਬਰ 2020 – ਐਸ.ਸੀ/ਬੀ.ਸੀ, ਘੱਟ ਗਿਣਤੀਆਂ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਵਜ਼ੀਫਾ ਸਕੀਮ ’ਚ ਕਰੋੜਾਂ ਰੁਪਏ ਦੇ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਅਤੇ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਦੀ ਅਗਵਾਈ ਹੇਠ ਸਥਾਨਕ ਡੀ.ਸੀ ਦਫ਼ਤਰ ਮੂਹਰੇ ਧਰਨਾ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।
ਪ੍ਰਦਰਸ਼ਨ ਦੌਰਾਨ ਆਪ ਆਗੂਆਂ ਨੇ ਸੂਬਾ ਸਰਕਾਰ ਦੇ ਨਾਮ ਤਹਿਸੀਲਦਾਰ ਰਮੇਸ਼ ਕੁਮਾਰ ਨੂੰ ਮੰਗ ਪੱਤਰ ਵੀ ਸੌਂਪਿਆ। ਡੀਸੀ ਦਫ਼ਤਰ ਮੂਹਰੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੰਧਵਾਂ ਅਤੇ ਮਾਸਟਰ ਬਲਦੇਵ ਸਿੰਘ ਨੇ ਆਖਿਆ ਕਿ ਇਸ ਘੁਟਾਲੇ ਨੇ ਕੈਪਟਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ’ਚ ਹੋਇਆ ਘੁਟਾਲਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਰਕਮ 303 ਕਰੋੜ ਦੇ ਕਰੀਬ ਵਿਦਿਆਰਥੀਆਂ ਦਾ ਵਜ਼ੀਫਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਪਣੀ ਮਨਮਰਜ਼ੀ ਨਾਲ ਆਪਣੇ ਚਹੇਤੇ ਕਾਲਜਾਂ ਨੂੰ ‘ਚੂਜ਼ ਐਂਡ ਪਿਕ’ ਤਰੀਕੇ ਨਾਲ ਵੰਡ ਕੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ ਅਤੇ ਉਸ ’ਚੋਂ ਕਰੀਬ 63.91 ਕਰੋੜ ਰੁਪਏ ਦਾ ਵਿਭਾਗ ਕੋਲ ਕੋਈ ਵੀ ਪੁਖਤਾ ਹਿਸਾਬ ਨਹੀਂ ਮਿਲ ਰਿਹਾ, ਜਿਸਦਾ ਜਿੰਮੇਵਾਰ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ।
ਉਨ੍ਹਾਂ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਫੌਰਨ ਤੌਰ ’ਤੇ ਬਰਖਾਸਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਮੰਤਰੀ ਨੇ ਗਰੀਬ ਅਤੇ ਦਲਿਤ ਬੱਚਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਬੱਚਿਆਂ ਦਾ ਭਵਿੱਖ ਖਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 1200 ਕਰੋੜ ਦਾ ਘਪਲਾ ਕੀਤਾ ਸੀ, ਹੁਣ ਇਸ ਨੇ ਕਰ ਦਿੱਤਾ ਹੈ, ਜਿਸਦਾ ਖੁਲਾਸਾ ਅਡੀਸ਼ਨਲ ਚੀਫ ਸੈਕਟਰੀ ਿਪਾ ਸ਼ੰਕਰ ਸਰੋਜ ਨੇ ਕਰ ਦਿੱਤਾ ਹੈ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ।
ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਕੋਈ ਵੀ ਜਾਂਚ ਪੜ੍ਹਤਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਸੂਬਾ ਪੱਧਰੀ ਸੰਘਰਸ਼ ਵਿੱਢੇਗੀ। ਇਸ ਮੌਕੇ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਆਮ ਆਦਮੀ ਪਾਰਟੀ ਇਹ ਮੁੱਦਾ ਵੱਡੇ ਪੱਧਰ ’ਤੇ ਚੁੱਕੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਮੰਤਰੀਆਂ ਨੂੰ ਗਰੀਬਾਂ ਦਾ ਹੱਕ ਨਹੀਂ ਮਾਰਨ ਦੇਵੇਗੀ ਅਤੇ ਜਦੋਂ ਤੱਕ ਇਸ ਘੁਟਾਲੇ ਦੀ ਮੁਕੰਮਲ ਜਾਂਚ ਨਹੀਂ ਹੁੰਦੀ ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਸੰਧੂ ਫੱਤਣਵਾਲਾ ਨੇ ਕਿਹਾ ਕਿ ਧਰਮਸੋਤ ਦੀ ਮੌਜੂਦਗੀ ’ਚ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ, ਉਨ੍ਹਾਂ ਘਪਲਾ ਉਜ਼ਾਗਰ ਕਰਨ ਵਾਲੇ ਵਧੀਕ ਮੁੱਖ ਸਕੱਤਰ ਿਪਾ ਸ਼ੰਕਰ ਸੋਰਜ਼ ਨੂੰ ਲੋਕ ਪੱਖੀ ਅਧਿਕਾਰੀ ਦੱਸਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਦੀਪ ਕੰਬੋਜ਼, ਜਸ਼ਨ ਬਰਾੜ ਲੱਖੇਵਾਲੀ, ਦਿਲਬਾਗ ਸਿੰਘ ਬਰਾੜ, ਸਿਮਰਨਜੀਤ ਸਿੰਘ ਬਰਾੜ, ਸੁਮਨ ਕੁਮਾਰ ਤੋਤੀ, ਇਕਬਾਲ ਸਿੰਘ ਖਿੜਕੀਆਂਵਾਲਾ, ਕਾਰਜ ਸਿੰਘ ਮਿੱਢਾ, ਪਰਮਜੀਤ ਗਿੱਲ, ਰਮੇਸ਼ ਅਰਨੀਵਾਲਾ, ਬਾਬੂ ਸਿੰਘ ਧੀਮਾਨ, ਜਗਮੇਲ ਸਿੰਘ ਤਹਿਸੀਲਦਾਰ, ਰਾਜੀਵ ਉਪਲ, ਸਾਹਿਲ ਕੁੱਬਾ, ਅਮਿ੍ਰੰਤਪਾਲ ਸਿੰਘ, ਗੁਰਜਿੰਦਰ ਸਿੰਘ ਸਮਰਾ, ਬਲਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਜੂ, ਸ਼ਮਸ਼ੇਰ ਸਿੰਘ ਵੜਿੰਗ, ਅਰਸ਼ ਬਰਾੜ ਜੱਸੇਆਣਾ, ਮਿਲਾਪਜੀਤ ਗਿੱਲ, ਜੱਸੂ ਮੈਂਬਰ, ਨਿਰਭੈ ਸਿੰਘ, ਜਸਵਿੰਦਰ ਸਿੰਘ ਜੱਸਾ, ਮੈਂਬਰ ਅਮਰੀਕ ਸਿੰਘ, ਜਸਵੀਰ ਚੱਕ ਰਾਮ ਨਗਰ, ਜਗਦੀਪ ਸੰਧੂ, ਰਾਜਿੰਦਰ ਸਿੰਘ ਪੱਪੂ ਬੇਦੀ, ਜੈ ਚੰਦ ਭੰਡਾਰੀ ਆਦਿ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।