ਫਾਜ਼ਿਲਕਾ, 31 ਅਗਸਤ-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਜ਼ਿਲੇ ਦੇ ਮਾਲ ਵਿਭਾਗ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਦੌਰਾਨ ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਭਾਗੀ ਕੰਮ ਕਾਜ ਦੇ ਨਾਲ ਨਾਲ ਲੋਕਾਂ ਨੂੰ ਕੋਵਿਡ ਦੇ ਖਤਰੇ ਤੋਂ ਬਚਾਉਣ ਲਈ ਆਪਣੀ ਸਮਾਜਿਕ ਜਿੰਮੇਵਾਰੀ ਵੀ ਨਿਭਾਊਂਦੇ ਰਹਿਣ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਅਧਿਕਾਰੀ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਕੋਵਿਡ ਦੇ ਲੱਛਣ ਵਿਖਾਈ ਦੇਣ ਤੇ ਬਿਨਾਂ ਕਿਸੇ ਡਰ ਦੇ ਟੈਸਟ ਕਰਵਾਉਣ। ਉਨਾਂ ਨੇ ਕਿਹਾ ਕਿ ਹੁਣ ਬਿਨਾਂ ਲੱਛਣ ਵਾਲੇ ਕੋਵਿਡ ਪਾਜਿਟਿਵ ਮਰੀਜਾਂ ਨੂੰ ਘਰ ਵਿਚ ਹੀ ਇਕਾਂਤਵਾਸ ਹੋਣ ਦੀ ਛੋਟ ਸਰਕਾਰ ਨੇ ਦੇ ਦਿੱਤੀ ਹੈ। ਇਸ ਲਈ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਦੱਸਿਆ ਜਾਵੇ ਕਿ ਜੇਕਰ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ।
ਇਸੇ ਤਰਾਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਬਰਸਾਤਾਂ ਕਾਰਨ ਹੋਏ ਨੁਕਸਾਨ ਸਬੰਧੀ ਰਿਪੋਟ ਭੇਜਣ ਅਤੇ ਜਿੱਥੇ ਪਾਣੀ ਭਰਿਆ ਹੈ ਉਸਦੀ ਨਿਕਾਸੀ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਡਿਊਟੀ ਨਿਭਾਉਂਦੇ ਸਮੇਂ ਅਧਿਕਾਰੀ ਕੋਵਿਡ ਸਬੰਧੀ ਸਾਰੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗੀ ਮਾਲੀਆਂ ਪ੍ਰਾਪਤੀ ਦੇ ਟੀਚਿਆ ਦੀ ਪ੍ਰਾਪਤੀ ਲਈ ਨਿੱਘਰ ਯਤਨ ਕਰਨ ਅਤੇ ਜੋ ਵਸੂਲੀਆਂ ਬਕਾਇਆ ਹਨ ਉਸ ਲਈ ਵੀ ਉਪਰਾਲੇ ਕੀਤੇ ਜਾਣ। ਜ਼ਿਲਾ ਮਾਲ ਅਫ਼ਸਰ ਸ੍ਰੀ ਡੀਪੀ ਪਾਂਡੇ ਨੇ ਦੱਸਿਆ ਕਿ ਮਾਲ ਵਿਭਾਗ ਦੀ ਮੁੱਖ ਮਾਲੀਆਂ ਮੱਦ ਅਧੀਨ ਇਸ ਸਾਲ ਜ਼ਿਲੇ ਵਿਚ 12,89,59,196 ਰੁਪਏ ਦੀ ਮਾਲੀਆ ਪ੍ਰਾਪਤੀ ਹੋਈ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਵੀ ਹਾਜਰ ਸਨ ਜਦ ਕਿ ਬਾਕੀ ਮਾਲ ਅਧਿਕਾਰੀਆਂ ਨੇ ਆਪੋ ਆਪਣੇ ਦਫ਼ਤਰਾਂ ਤੋਂ ਆਨਲਾਈਨ ਮੀਟਿੰਗ ਵਿਚ ਸ਼ਿਰਕਤ ਕੀਤੀ।