ਫਤਹਿਗੜ੍ਹ ਸਾਹਿਬ (ਸਰਹੰਦ), 30 ਅਗਸਤ 2020 – ਬੀਰ ਦਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਕੁੱਝ ਅਖ਼ਬਾਰਾਂ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹਵਾਲੇ ਨਾਲ ਖ਼ਬਰ ਛਪੀ ਹੈ ਕਿ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਤੋਂ ਗੁਜ਼ਰਨ ਵਾਲੀ ਸੜਕ ਤੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਖ਼ਬਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਜਿਹਾ ਫੈਸਲਾ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਕਹਿਣ-ਸੁਨਣ ਤੇ ਕੀਤਾ ਗਿਆ ਹੈ।
ਬੀਰ ਦਵਿੰਦਰ ਨੇ ਕਿ ਗੁਰਦਵਾਰਾ ਫਤਿਹਗੜ੍ਹ ਸਾਹਿਬ ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਅਤੇ ਮਾਨਵਤਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸਮੂਹ ਪ੍ਰਾਣੀਆ ਲਈ ਇੱਕ ਅਜੇਹਾ ਤੀਰਥ ਅਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਹਜ਼ੂਰ, ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ, ਉਸ ਵੇਲੇ ਦੀ ਮੁਗਲ ਸਲਤਨਤ ਦੇ ਬੇਪਨਾਹ ਜ਼ੁਲਮਾਂ ਦਾ ਸਾਹਮਣਾ ਕਰਦੇ ਹੋਏ ‘ਸਿੱਖੀ ਸਿਦਕ’ ਦੀ ਸਭ ਤੋਂ ਕਠਨ ਪਰੀਖਿਆ ਦੇ ਕੇ, ਸੰਸਾਰ ਦੇ ਸ਼ਹਾਦਤਾਂ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ ਹੈ। ਗੁਰਦਵਾਰਾ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਇਸ ਸੜਕ ਉੱਤੇ ਤਕਰੀਬਨ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਤ ਮਾਤਾ ਗੁਜਰੀ ਕਾਲਜ ਸਸ਼ੋਭਤ ਹੈ। ਰੇਲਵੇ ਫਾਟਕ ਦੇ ਪਾਰ ਬਸੀ ਪਠਾਣਾ ਸੜਕ ਉੱਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਥਾਨ ਸਸ਼ੋਭਤ ਹੈ, ਉਸ ਦੇ ਐਨ ਸਾਹਮਣੇ ਮੁਸਲਮਾਨ ਭਰਾਵਾਂ ਦੀ ਜ਼ਿਆਰਤ ਗਾਹ, ਮੁਕੱਦਸ ਰੌਜ਼ਾ-ਸ਼ਰੀਫ਼ ਵਾਕਿਆ ਹੈ ਅਤੇ ਇਸੇ ਹੀ ਸੜਕ ਉੱਤੇ ਅਜ਼ਾਦੀ ਦੇ ਪ੍ਰਵਾਨੇ ਅਤੇ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਨੂੰ ੩੧ ਮਾਰਚ ੧੯੪੦ ਨੂੰ ਲੰਡਨ ਵਿੱਚ ਫਾਂਸੀ ਦਿੱਤੇ ਜਾਣ ਤੋਂ ਲਗਪਗ ੩੪ ਸਾਲ ਬਾਅਦ ਸਾਲ ੧੯੭੪ ਵਿੱਚ ਉਨ੍ਹਾਂ ਦੀਆਂ ਅਸਥੀਆਂ ਦੇ ਕੁੱਝ ਅੰਸ਼ ਲੰਡਨ ਤੋਂ ਲਿਆ ਕੇ, ਜੱਲ੍ਹਿਆਂਵਾਲੇ ਬਾਗ ਤੋਂ ਇਲਾਵਾ, ਸ਼ਹੀਦਾਂ ਦੀ ਇਸ ਮਹਾਨ ਧਰਤੀ ਦੇ ਪਵਿੱਤਰ ਮਹੱਤਵ ਦੇ ਜ਼ੇਰ-ਏ-ਨਜ਼ਰ, ਫਤਿਹਗ੍ਹੜ ਸਾਹਿਬ ਵਿਖੇ ਵੀ, ਇੱਕ ਯਾਦਗਾਰ ਵੱਜੋਂ ਮਹਿਫ਼ੂਜ਼ ਰੱਖੇ ਗਏ ਹਨ।
ਉਨ੍ਹਾਂ ਕਿਹਾ ਕਿ ਉਪਰੋਕਤ ਦੀ ਦ੍ਰਿਸ਼ਟੀ ਵਿੱਚ ਜੇ ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਸਾਹਮਣਿਓਂ ਗੁਜ਼ਰਨ ਵਾਲੀ ਸੜਕ ਉੱਤੇ ਰੇਲ ਵਿਭਾਗ ਵੱਲੋਂ ਕੋਈ ਵੀ ਰੇਲਵੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਉਸਾਰਿਆ ਜਾਂਦਾ ਹੈ ਤਾਂ ਇਨ੍ਹਾਂ ਦੀ ਉਸਾਰੀ, ਗੁਰਦਵਾਰਾ ਫਤਿਹਗੜ੍ਹ ਸਾਹਿਬ ਦੀ ਦਿੱਖ ਵਿਗਾੜ ਦੇਵੇਗੀ ਅਤੇ ਬਾਕੀ ਦੇ ਸਾਰੇ ਅਸਥਾਨ ਵੀ ਇਸ ਪੁਲ ਦੀ ਤਾਮੀਰ ਦੇ ਚੁਫੇਰੇ ਵਿਸਥਾਰ ਵਿੱਚ ਦਬ ਕੇ ਰਹਿ ਜਾਣਗੇ। ਇਸ ਵਿਡੰਬਣਾਂ ਦੀ ਤਾਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ, ਆਪਣੇ-ਆਪ ਹੀ ਸਮਝ ਹੋਣੀ ਚਾਹੀਦੀ ਸੀ ਕਿ ਸਿੱਖ ਸੰਗਤਾਂ ਇਸ ਅਨਉਚਿੱਤ, ਗ਼ੈਰਵਾਜਬ, ਤਰਕਹੀਣ ਅਤੇ ਬੇਥਵ੍ਹੀ ਉਸਾਰੀ ਨੂੰ ਕਦੇ ਵੀ ਅਤੇ ਕਿਸੇ ਵੀ ਕੀਮਤ ਤੇ ਪਰਵਾਨ ਨਹੀ ਕਰਨਗੀਆਂ।
ਚੇਤੇ ਰਹੇ ਕਿ ਜਦੋਂ ਮੈ ੧੯੮੦ ਤੋਂ ੧੯੮੫ ਤੱਕ ਹਲਕਾ ਸਰਹੰਦ ਦੀ, ਪੰਜਾਬ ਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਕਰ ਰਿਹਾ ਸੀ ਤਾਂ ਉਸ ਵੇਲੇ ਇੱਕ ਜੋੜਮੇਲਾ ਕੰਟਰੋਲ ਰੋਡ ਦੀ ਯੋਜਨਾ ਉਲੀਕੀ ਗਈ ਸੀ, ਜਿਸ ਨੂੰ ਹੁਣ ਮਾਧੋਪੁਰ ਬਾਈਪਾਸ ਵੀ ਆਖਿਆ ਜਾਂਦਾ ਹੈ, ਇਸ ਜੋੜਮੇਲਾ ਕੰਟਰੋਲ ਰੋਡ ਦੀ ਨਿਸ਼ਾਨਦੇਹੀ ਅਨੁਸਾਰ, ਇਹ ਬਾਈਪਾਸ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਰੌਜ਼ਾ ਸ਼ਰੀਫ਼ ਦੇ ਪਿਛਲੇ ਪਾਸਿਓਂ ਗੁਜ਼ਰ ਕੇ ਪਿੰਡ ਬਹਾਦੁਰਗੜ੍ਹ ਤੋਂ ਪਹਿਲਾਂ ਸਰਹੰਦ ਬਸੀ ਰੋਡ ਨੂੰ ਜਾ ਮਿਲਦਾ ਸੀ ਇਸ ਬਾਈਪਾਸ ਉੱਤੇ ਇੱਕ ਰੇਲਵੇ ਓਵਰਬ੍ਰਿਜ ਦੀ ਵੀ ਯੋਜਨਾ ਸੀ। ਇਸ ਯੋਜਨਾ ਅਨੁਸਾਰ ਸਾਰੀ ਸੜਕੀ ਆਵਾਜਾਈ ਨੂੰ ਵੀ ਨਿਯਮਤ ਕੀਤਾ ਜਾ ਸਕਦਾ ਸੀ ਅਤੇ ਪਵਿੱਤਰ ਧਾਰਮਿਕ ਅਸਥਾਨਾਂ ਦੀ ਦਿੱਖ ਨੂੰ ਵੀ ਬਚਾਇਆ ਜਾ ਸਕਦਾ ਸੀ ਅਤੇ ਨਾ ਹੀ ਵਿੱਦਿਅਕ ਸੰਸਥਾਵਾ ਦੇ ਬੌਧਿਕ-ਮਾਹੌਲ ਤੇ ਸ਼ਿਸਟਾਚਾਰ ਨਾਲ ਕੋਈ ਛੇੜਛਾੜ ਹੋਣੀ ਸੀ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨਗੇ ਕਿ ਅੱਜ ਵੀ ਉਸੇ ਹੀ ਪੁਰਾਣੀ ਯੋਜਨਾ ਨੂੰ ਪੁਨਰ-ਸੁਰਜੀਤ ਕਰਕੇ ਉਸ ਨੂੰ ਨਵੀਂ ਤਰਤੀਬ ਦੇ ਕੇ, ਕੰਮ ਕਰਨ ਦੀ ਜ਼ਰੂਰਤ ਹੈ। ਇਸ ਬਾਈਪਾਸ ਦੀ ਤਾਜ਼ਾ ਨਿਸ਼ਾਨਦੇਹੀ, ਅੱਜ ਦੀਆਂ ਲੋੜਾਂ ਅਨੁਸਾਰ ਦੁਬਾਰਾ ਕਤੀ ਜਾ ਸਕਦੀ ਹੈ, ਪਰ ਮਨੁੱਖਤਾ ਦੇ ਮਹਾਨ ਸ਼ਹੀਦਾਂ ਦੇ ਯਾਦਗਾਰੀ ਸ਼ਹੀਦੀ ਅਸਥਾਨ, ਗੁਰਦਵਾਰਾ ਸ੍ਰੀ ਫਤਿਹਗੜ੍ਹ ਦੇ ਐਨ ਸਾਹਮਣੇ ਕਿਸੇ ਵੀ ਕਿਸਮ ਦੇ ਰੇਲਵੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਜੇ ਸਰਕਾਰ ਨੇ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਦਵਾਰਾ ਸਾਹਿਬ ਦੀ ਦਿੱਖ ਨੂੰ ਬਚਾਊਂਣ ਲਈ, ਸਰਕਾਰ ਵਿਰੁੱਧ ਖਾਲਸਾ ਪੰਥ ਵੱਲੋਂ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਇੱਕ ਵੱਖਰਾ ਪੱਤ੍ਰ ਭਾਰਤ ਸਰਕਾਰ ਦੇ ਰੇਲ ਮੰਤਰੀ ਸ਼੍ਰੀ ਪਿਊਸ਼ ਗੋਇਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖ ਰਹੇ ਹਨ ਅਤੇ ਛੇਤੀ ਹੀ ਇਸ ਸਬੰਧ ਵਿੱਚ ਇੱਕ ਯਾਦ ਪੱਤ੍ਰ, ਇਲਾਕਾ ਨਿਵਾਸੀਆਂ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਸ਼ਿਨਰ ਨੂੰ ਵੀ ਦਿੱਤਾ ਜਾਵੇਗਾ ਤਾਂ ਕਿ ਇਹ ਮਾਮਲਾ, ਜ਼ਿਲ੍ਹਾ ਪ੍ਰਸਾਸ਼ਨ ਦੇ ਚੇਤਿਆਂ ਵਿੱਚ ਵੀ ਸਨਦ ਰਹੇ।