ਕੋਲਕਾਤਾ/ਭੁਬਨੇਸ਼ਵਰ, 20 ਮਈ-ਚਕਰਵਾਤੀ ਤੂਫਾਨ ‘ਅੰਫਾਨ’ ਬੁੱਧਵਾਰ ਨੂੰ ਭਾਰਤੀ ਤਟਵਰਤੀ ਇਲਾਕਿਆਂ ਵੱਲ ਤੇਜ਼ੀ ਨਾਲ ਅੱਗੇ ਵਧਿਆ ਹੈ ਜਿਸ ਕਾਰਨ ਉੜੀਸਾ ਤੇ ਪੱੱਛਮੀ ਬੰਗਾਲ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਈ ਥਾਈਂ ਮਕਾਨ ਢਹਿ ਗਏ ਹਨ ਤੇ ਦਰੱਖਤ ਉੱਖੜ ਗਏ ਹਨ। ਚਾਰ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਉੜੀਸਾ ਵਿੱਚ 1.25 ਲੱਖ ਲੋਕਾਂ ਅਤੇ ਪੱਛਮੀ ਬੰਗਾਲ ਵਿੱਚ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਹਾਲਾਂਕਿ ਤੂਫਾਨ ਉੜੀਸਾ ਵਿੱਚ ਪਾਰਾਦੀਪ ਦੇ ਪੂਰਬ ਅਤੇ ਦੱਖਣ ਪੂਰਬ ਵਿੱਚ ਕਰੀਬ 120 ਕਿਲੋਮੀਟਰ ਅਤੇ ਕੋਲਕਾਤਾ ਦੇ ਦੱਖਣ ਵਿੱਚ ਕਰੀਰ 220 ਕਿਲੋਮੀਟਰ ਦੂਰ ਹੈ ਪਰ ਇਸ ਦਾ ਅਸਰ ਦੋਵਾਂ ਸੂਬਿਆਂ ਵਿੱਚ ਦਿਖਾਈ ਦੇਣ ਲੱਗਾ ਹੈ। ਇਕ ਮੌਸਮ ਵਿਗਿਆਨੀ ਨੇ ਦੱਸਿਆ ਕਿ ਤੂਫਾਨ ਦੇ ਕੇਂਦਰ ਦੁਆਲੇ ਹਵਾ ਦੀ ਰਫ਼ਤਾਰ ਲਗਾਤਾਰ 170-180 ਕਿਲੋਮੀਟਰ ਪ੍ਰਤੀ ਘੰਟਾ ਹੈ ਕਈ ਵਾਰ 200 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ। ਐਨਡੀਆਰਐਫ ਨੇ ਦੋਵਾਂ ਸੂਬਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ 41 ਟੀਮਾਂ ਤਾਇਨਾਤ ਕੀਤੀਆਂ ਹਨ। ਤੂਫਾਨ ਕਾਰਨ ਕੋਲਕਾਤਾ ਵਿੱਚ ਵੀਰਵਾਰ ਸਵੇਰੇ ਪੰਜ ਵਜੇ ਤਕ ਲਈ ਹਵਾਈ ਸੇਵਾ ਰੱਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹਾਵੜਾ-ਨਵੀਂ ਦਿੱਲੀ ਏਸੀ ਸਪੈਸ਼ਲ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਨੇ ਵੀ ਪੱਛਮੀ ਬੰਗਾਲ ਜਾਣ ਵਾਲੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।