ਪਟਿਆਲਾ, 29 ਅਗਸਤ 2020 – ਸਾਡਾ ਮਕਸਦ ਸਿਰਫ਼ ਚਲਾਨ ਕੱਟਣਾ ਨਹੀਂ, ਬਲਕਿ ਲੋਕਾਂ ਦੀ ਸੁਰੱਖਿਆ ਕਰਨਾ ਹੈ, ਇਹ ਪਟਿਆਲਾ ਪੁਲਿਸ ਦਾ ਕਹਿਣਾ ਹੈ ਇਸੇ ਕਰਕੇ ਪਟਿਆਲਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਛੇੜੀ ਜੰਗ ਵਿੱਚ ਅਪਣਾ ਫਰਜ਼ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ, ਤਾਂ ਜੋ ਇਸ ਮਹਾਂਮਾਰੀ ਦੇ ਸਮੇਂ ਵਿੱਚ ਪਟਿਆਲ਼ਾ ਵਾਸੀਆਂ ਨੂੰ ਕਿਸੇ ਵੀ ਸਮੇਂ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਜਿੱਥੇ ਇੱਕ ਪਾਸੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਅਤੇ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ਼ ਸਖਤੀ ਕਰਕੇ ਚਲਾਨ ਕੱਟੇ ਜਾ ਰਹੇ ਹਨ, ਉਥੇ ਦੂਜੇ ਪਾਸੇ ਪਟਿਆਲਾ ਵਾਸੀਆਂ ਦੀ ਸਿਹਤ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪੁਲਿਸ ਪਟਿਆਲਾ ਦੇ ਵੱਖ ਵੱਖ ਥਾਣਾ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਮਜਦੂਰਾਂ, ਆਟੋ ਰਿਕਸ਼ਾ ਡਰਾਈਵਰਾਂ, ਗਰੀਬ ‘ਤੇ ਲੋੜਵੰਦਾਂ ਪਰਿਵਾਰਾਂ ਅਤੇ ਹਰ ਤਬਕੇ ਦੇ ਲੋਕਾਂ ਨੂੰ ਮਾਸਕ ਵੰਡੇ, ਜਿਨ੍ਹਾਂ ਕੋਲ ਕਿਸੇ ਨਾ ਕਿਸੇ ਮਜਬੂਰੀ ਕਾਰਨ ਮਾਸਕ ਨਹੀਂ ਸਨ। ਮਾਸਕ ਵੰਡਣ ਦੇ ਨਾਲ ਨਾਲ ਮਾਸਕ ਪਹਿਨਣ ਦੀ ਮਹਿਤਤਾ ਅਤੇ ਵਰਤੋ ਬਾਰੇ ਵੀ ਦੱਸਿਆ ਗਿਆ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਬਾਰ ਬਾਰ ਧੋਣ ਬਾਰੇ ਵੀ ਪ੍ਰੇਰਿਆ ਗਿਆ।