ਚੰਡੀਗੜ੍ਹ, 29 ਅਗਸਤ 2020 – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੈਪਟਨ ਦੁਆਰਾ ਕਾਹਲ਼ੀ ਕਾਹਲ਼ੀ ਵਿੱਚ ਰੱਖੇ ਇੱਕ ਦਿਨਾਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਅਤੇ ਇਸ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਜਬਰੀ ਸ਼ਾਮਲ ਨਾ ਹੋਣ ਦੇਣ ਨੂੰ ਗ਼ੈਰ-ਲੋਕਤੰਤਰੀ ਕਾਰਨਾਮਾ ਕਰਾਰ ਦਿੱਤਾ ਤੇ ਇਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਦੱਸਿਆ ਭਾਵੇਂ ਬਸਪਾ ਪੰਜਾਬ ਦੀਆਂ ਵਿਧਾਨ ਸਭਾ ਵਿਚ ਵਿਰੋਧੀ ਪਾਰਟੀਆਂ ਨਾਲ ਵਿਚਾਰਕ ਤੌਰ ‘ਤੇ ਕੋਈ ਸਾਂਝ ਨਹੀਂ ਰੱਖਦੀ ਪਰ ਵਿਧਾਨ ਸਭਾ ਜਿਥੇ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੇ ਲੋਕਾਂ ਦੀਆਂ ਦੁੱਖਾਂ ਤਕਲੀਫ਼ਾਂ, ਜਨਤਕ ਮੁੱਦੇ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਸੰਵਿਧਾਨਿਕ ਤੌਰ ਦੇ ਵਿਰੋਧ ਦਰਜ਼ ਕਰਵਾਉਣਾ ਹੁੰਦਾ , ਉਥੇ ਕਾਂਗਰਸੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਵਿਰੋਧ ਦੀ ਅਵਾਜ਼ ਦਬਾਉਣ ਲਈ ਵਿਰੋਧੀ ਧਿਰ ਦੇ ਲੀਡਰਾਂ ਨੂੰ ਵੀ ਜਬਰੀ ਵਿਧਾਨ ਸਭਾ ਵਿਚ ਦਾਖ਼ਲ ਨਾ ਹੋਣ ਦੇਣਾ, ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸ਼ਰਮਨਾਕ ਕਾਰਨਾਮਾ ਤੇ ਲੋਕਤੰਤਰੀ ਪ੍ਰਬੰਧ ਤੇ ਕਰਾਰੀ ਸੱਟ ਹੈ ।
ਗੜ੍ਹੀ ਨੇ ਦੱਸਿਆ ਕਿ ਅੱਜ ਪੰਜਾਬ ਅੰਦਰ ਕੈਪਟਨ ਸਰਕਾਰ ਬੁਰੀ ਤਰ੍ਹਾ ਫੇਲ੍ਹ ਸਾਬਿਤ ਹੋਈ ਹੈ ਜਿਸ ਦੀ ਤਾਜ਼ਾ ਪ੍ਰਤੱਖ ਉਦਾਹਰਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 303 ਕਰੋੜ ਰੁਪਏ ਦਾ ਘੁਟਾਲਾ ਹੈ ਜੋ ਮੁੱਖ ਮੰਤਰੀ ਦੇ ਖਾਸਮ -ਖਾਸ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ਤੇ ਲਾਕੇ ਆਪਣੀ ਹਿੱਸੇਪੱਤੀ ਲਈ ਆਪਣੀਆਂ ਚਹੇਤੀਆ ਸੰਸਥਾਵਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਵੰਡਕੇ ਪੰਜਾਬ ਦੇ ਖ਼ਜ਼ਾਨੇ ਨੂੰ ਸ਼ਰੇਆਮ ਚੂਨਾ ਲਾਇਆ, ਜਿਸ ਦੇ ਖਿਲਾਫ 28 ਅਗਸਤ ਨੂੰ ਬਸਪਾ ਨੇ ਪੂਰੇ ਪੰਜਾਬ ਵਿਚ ਵਿਦਿਆਰਥੀ ਹੱਕਾਂ ਲਈ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਵੀ ਘੁਟਾਲੇ ਵਿੱਚ ਦੋਸ਼ੀ ਮੰਤਰੀ ਨੂੰ ਨਾ ਤਾਂ ਕੈਬਿਨੇਟ ਵਿਚੋਂ ਬਾਹਰ ਕੀਤਾ ਗਿਆ ਹੈ ਤੇ ਨਾ ਹੀ ਕੋਈ ਕਾਨੂੰਨੀ ਕਰਵਾਈ ਮੰਤਰੀ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਅਰੰਭੀ ਹੈ , ਜਿਸ ਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਕਾਂਗਰਸ ਸਰਕਾਰ ਦੋਸ਼ੀ ਮੰਤਰੀ ਤੇ ਅਫਸਰਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਅਤੇ ਇੰਝ ਜਾਪ ਰਿਹਾ ਕਿ ਇਸ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 130 ਤੇ ਕਰੀਬ ਮੌਤਾਂ ਵਾਂਗ ਕੀਤੇ ਫਾਇਲਾਂ ਵਿੱਚ ਹੀ ਨਾ ਦੱਬ ਕੇ ਰਹਿ ਜਾਵੇ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਨੇ ਅਕਾਲੀ ਭਾਜਪਾ ਤੇ ਕਾਂਗਰਸੀ ਸਰਕਾਰ ਵੱਲੋਂ ਦਿੱਤੇ ਪੰਜਾਬੀਆਂ ਨੂੰ ਦੁੱਖਾਂ ਦੀ ਦਾਸਤਾਨ ਬਾਰੇ ਕਿਹਾ ਕਿ 2022 ਵਿਚ ਬਸਪਾ ਪੰਜਾਬ ਸਰਕਾਰ ਵਿਚ ਹਿੱਸੇਦਾਰ ਬਣਕੇ ਸਾਰੇ ਵਰਗਾਂ ਦੇ ਦੁੱਖ ਬਿਨਾਂ ਕਿਸੇ ਜਾਤੀ ਧਰਮ ਦੇ ਵਿਤਕਰੇ ਤੋਂ ਹਰ ਸਮੱਸਿਆ ਦਾ ਹੱਲ ਕਰੇਗੀ।
ਅਖੀਰ ਵਿੱਚ ਗੜ੍ਹੀ ਜੀ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬੀ ਲੋਕ ਡਰੱਗ ਮਾਫੀਆ, ਰੇਤ ਮਾਫੀਆ ,ਸ਼ਰਾਬ ਮਾਫੀਆ ਤੇ ਟਰਾਂਸਪੋਰਟ ਮਾਫੀਆ ਆਦਿ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਦੇ ਭਲੇ ਲਈ ਬਸਪਾ ਦੇ ਨੀਲੇ ਝੰਡੇ ਥੱਲੇ ਲਾਜ਼ਮੀ ਤੌਰ ਤੇ ਲਾਮਬੰਦ ਹੋਣ ਦਾ ਮਨ ਬਨਾਣ।