ਔਕਲੈਂਡ, 28 ਅਗਸਤ 2020 – ਅੱਜ ਨਿਊਜ਼ੀਲੈਂਡ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 12 ਹੋਰ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 5 ਕਮਿਊਨਿਟੀ ਦੇ ਹਨ ਜੋ ਇਥੇ ਦੇ ਮਾਊਂਟ ਰੌਸਕਿਲ ਦੇ ਇਕ ਚਰਚ ਤੋਂ ਫੈਲੇ ਕਲਸਟਰ ਨਾਲ ਹਨ ਜਦ ਕਿ 7 ਕੇਸ ਮੈਨੇਜਡ ਆਈਸੋਲੇਸ਼ਨ ਚੋਂ ਆਏ ਹਨ ਜੋ ਕਿ ਏਅਰ ਇੰਡੀਆ ਦਾ ਫਲਾਈਟ ਦੇ ਵਿਚ ਆਏ ਸਨ। ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਹ ਇਹ ਨਹੀਂ ਕਹਿਣਗੇ ਕਿ ਇਹ ਲੋਕ ਕਿਸ ਦੇਸ਼ ਤੋਂ ਆਏ ਹਨ, ਪਰ ਉਨ੍ਹਾਂ ਨੇ ਕਿਹਾ ਕਿ ਇਹ ਏਅਰ ਇੰਡੀਆ ਦੀ ਉਡਾਣ ਦੇ ਸਨ। ਇਹ ਸਾਰੇ ਸਾਰੇ ਲੋਕ ਨਿਊਜ਼ੀਲੈਂਡ ਵਿੱਚ ਰਹਿਣ ਦੇ ਹੱਕਦਾਰ ਹਨ। ਦੇਸ਼ ਵਿੱਚ ਐਕਟਿਵ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਹੁਣ 131 ਹੋ ਗਈ ਹੈ, ਇਨ੍ਹਾਂ ਵਿੱਚੋਂ 18 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। 7 ਵਿਅਕਤੀ ਹੋਰ ਰਿਕਵਰ ਹੋਏ ਹਨ। ਕੱਲ੍ਹ 11,010 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 730,330 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1714 ਕੇਸ ਦਰਜ ਹੋਏ ਹਨ। ਜਿਨ੍ਹਾਂ ਵਿੱਚੋਂ 1,363 ਪੁਸ਼ਟੀ ਹੋ ਚੁੱਕੇ ਹਨ ਤੇ 351 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1561 ਹੈ। 11 ਲੋਕ ਹਸਪਤਾਲ ਹਨ ਜਿਨ੍ਹਾਂ ਵਿਚੋਂ 3 ਆਈ. ਸੀ. ਯੂ. ਵਿਚ ਦਾਖਲ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।