ਲੁਧਿਆਣਾ, 7 ਜੁਲਾਈ 2020 – ਅਕਸਰ ਹੀ ਸੁਰੱਖਿਆ ਚ ਰਹਿਣ ਵਾਲਾ ਲੁਧਿਆਣਾ ਦਾ ਨਗਰ ਸੁਧਾਰ ਟਰੱਸਟ ਇੱਕ ਵਾਰ ਮੁੜ ਤੋਂ ਸੁਰਖੀਆਂ ‘ਚ ਹੈ ਦਰਅਸਲ ਲੁਧਿਆਣਾ ਦੇ ਰਾਣੀ ਝਾਂਸੀ ਰੋਡ ਤੇ ਕਰੋੜਾਂ ਦੀ ਲਾਗਤ ਨਾਲ ਬਣਿਆ ਸ਼ਾਪਿੰਗ ਕੰਪਲੈਕਸ ਇਨੀਂ ਦਿਨੀਂ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਸਾਲ 2000 ਵਿੱਚ ਤਤਕਾਲੀ ਸਥਾਨਕ ਸਰਕਾਰ ਮੰਤਰੀ ਬਲਰਾਮ ਜੀ ਦਾਸ ਟੰਡਨ ਵੱਲੋਂ ਇਸ ਸ਼ਾਪਿੰਗ ਕੰਪਲੈਕਸ ਦਾ ਪੱਥਰ ਰੱਖਿਆ ਸੀ ਅਤੇ ਸੱਤ ਸਾਲ ਦੇ ਵਿੱਚ 2007 ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਨੂੰ ਬਣਾ ਕੇ ਤਿਆਰ ਕਰ ਦਿੱਤਾ ਗਿਆ ਪਰ ਹੁਣ ਇਹ ਸ਼ਾਪਿੰਗ ਕੰਪਲੈਕਸ ਨਾ ਤਾਂ ਕੋਈ ਖਰੀਦ ਰਿਹਾ ਹੈ ਅਤੇ ਨਾ ਹੀ ਇਸ ਦੀ ਕੋਈ ਬੋਲੀ ਆ ਰਿਹਾ ਹੈ।
ਇਸ ਸ਼ਾਪਿੰਗ ਕੰਪਲੈਕਸ ਦੇ ਵਿੱਚ ਬੈਂਕ, ਸ਼ੋਅਰੂਮ, ਦੁਕਾਨਾਂ, ਦਫ਼ਤਰ ਅਤੇ ਸੈਂਕੜੇ ਗੱਡੀਆਂ ਲਈ ਪਾਰਕਿੰਗ ਦੀ ਥਾਂ ਹੈ ਪਰ ਇਹ ਇਮਾਰਤ ਹੁਣ ਖੰਡਰ ਬਣਦੀ ਜਾ ਰਹੀ ਹੈ ਹਾਲਾਤ ਇਹ ਨੇ ਕਿ ਕੋਈ ਵੀ ਕੰਪਨੀ ਇਸ ਨੂੰ ਖਰੀਦ ਨਹੀਂ ਰਹੀ। 2009-2013 ਤੱਕ ਵੀ ਇੰਪਰੂਵਮੈਂਟ ਟਰੱਸਟ ਵੱਲੋਂ ਇਸ ਕੰਪਲੈਕਸ ਨੂੰ ਨਿਲਾਮੀ ਤੇ ਲਾਇਆ ਸੀ ਪਰ ਉਦੋਂ ਵੀ ਕਿਸੇ ਨੇ ਬੋਲੀ ਨਹੀਂ ਲਾਈ ਉਦੋਂ ਕੀਮਤ 197 ਕਰੋੜ ਰੁਪਏ ਰੱਖੀ ਸੀ ਪਰ ਹੁਣ ਇਸ ਦੀ ਨਿਲਾਮੀ ਨਾ ਹੋਣ ਤੇ ਸਾਲ 2020 ਇਸ ਦੀ ਕੀਮਤ 20 ਫੀਸਦੀ ਘਟਾ ਦਿੱਤੀ ਗਈ ਅਤੇ 157 ਕਰੋੜ ਰੁਪਏ ਦੀ ਬੋਲੀ ਲਾਈ ਗਈ ਅਤੇ ਹੁਣ ਵੀ ਇਹ ਨਿਲਾਮ ਨਹੀਂ ਹੋ ਰਿਹਾ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਕਿਹਾ ਲੋੜ ਪੈਣ ਤੇ ਇਸ ਦੀ ਕੀਮਤ 20 ਫੀਸਦੀ ਹੋਰ ਘਟਾਈ ਜਾ ਸਕਦੀ ਹੈ।
– ਸ਼ੋਅਰੂਮ 12
– ਬੈਂਕ ਲਈ ਥਾਵਾਂ 2
– ਰੈਸਟੋਰੈਂਟ 2
– ਡਿਪਾਰਟਮੈਂਟਲ ਸਟੋਰ 1
– ਦਫ਼ਤਰਾਂ ਲਈ ਸਥਾਨ 36
– ਚੌਥੀ ਮੰਜ਼ਿਲ ਤੇ 8 ਆਲੀਸ਼ਾਨ ਫਲੈਟ
– ਬੇਸਮੈਂਟ ਚ ਪਾਰਕਿੰਗ 250 ਕਾਰਾਂ ਦੀ
ਇੱਕ ਪਾਸੇ ਜਿੱਥੇ ਇੰਪਰੂਵਮੈਂਟ ਟਰੱਸਟ ਦਾ ਦਾਅਵਾ ਹੈ ਕਿ ਇਸ ਦੀ ਕੋਈ ਬੋਲੀ ਨਹੀਂ ਲਾ ਰਿਹਾ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਨੇ ਇਸ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਦੱਸਿਆ ਹੈ ਲੁਧਿਆਣਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹੈ ਕਿ ਇੰਪਰੂਵਮੈਂਟ ਟਰੱਸਟ ਇਸ ਨੂੰ ਆਪਣੇ ਕਾਂਗਰਸ ਦੇ ਕਿਸੇ ਲੀਡਰ ਨੂੰ ਫਾਇਦਾ ਪਹੁੰਚਾਉਣ ਲਈ ਇਸ ਦੀ ਨਿਲਾਮੀ ਨਹੀਂ ਕਰ ਰਿਹਾ ਅਤੇ ਘੱਟ ਕੀਮਤਾਂ ‘ਚ ਇਸ ਨੂੰ ਵੇਚਣ ਦੀ ਪੂਰੀ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਪੈਸਾ ਹੈ।
ਉਧਰ ਇਸ ਸਬੰਧੀ ਜਦੋਂ ਸਾਰੀ ਟੀਮ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਪਹੁੰਚੀ ਤਾਂ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਕਿਹਾ ਕਿ ਕੋਈ ਵੀ ਇਸ ਦੀ ਬੋਲੀ ਨਹੀਂ ਲਾ ਰਿਹਾ। ਜਿਸ ਕਰਕੇ ਇਸ ਦੀ ਕੀਮਤ ਦੇ ਵਿੱਚ ਉਨ੍ਹਾਂ ਵੱਲੋਂ 20 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਵਾਰ ਉਨ੍ਹਾਂ ਕੋਲ ਕਟੌਤੀ ਕਰਨ ਦਾ ਅਧਿਕਾਰ ਹੈ।
ਜ਼ਿਕਰੇਖ਼ਾਸ ਹੈ ਕਿ ਇਹ ਸ਼ਾਪਿੰਗ ਕੰਪਲੈਕਸ ਲੁਧਿਆਣਾ ਦੇ ਪੋਰਸ਼ ਇਲਾਕੇ ਵਿੱਚ ਮੁੱਖ ਰੋਡ ਤੇ 2.2 ਏਕੜ ਦੇ ਵਿੱਚ ਬਣਿਆ ਹੋਇਆ ਹੈ ਅਤੇ ਮਾਹਿਰਾਂ ਮੁਤਾਬਕ ਇਸ ਦੀ ਮੌਜੂਦਾ ਕੀਮਤ 200 ਕਰੋੜ ਰੁਪਏ ਹੈ ਪਰ ਨਗਰ ਸੁਧਾਰ ਟਰੱਸਟ ਦਾਅਵੇ ਕਰ ਰਿਹਾ ਹੈ ਕਿ ਇਹ ਨਹੀਂ ਵਿਕ ਰਿਹਾ ਜਦੋਂ ਕਿ ਵਿਰੋਧੀ ਪਾਰਟੀਆਂ ਨਗਰ ਸੁਧਾਰ ਟਰੱਸਟ ਦੇ ਬਿਆਨਾਂ ਤੇ ਸਵਾਲ ਚੁੱਕ ਰਿਹਾ ਹੈ ਅਤੇ ਸਰਕਾਰ ਨਾਲ ਮਿਲੀ ਭੁਗਤ ਦੀਆਂ ਗੱਲਾਂ ਕਹਿ ਰਿਹਾ ਹੈ। ਪਰ ਹਾਲ ਦੀ ਘੜੀ ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਸ਼ਾਪਿੰਗ ਕੰਪਲੈਕਸ ਚਿੱਟਾ ਹਾਥੀ ਜ਼ਰੂਰ ਸਾਬਿਤ ਹੋ ਰਿਹਾ ਹੈ।