ਨਵੀਂ ਦਿੱਲੀ, 26 ਅਗਸਤ 2020 – ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਨੇ ਪੂਰੇ ਫੁੱਟਬਾਲ ਜਗਤ ਨੂੰ ਇੱਕ ਵੱਡੀ ਖਬਰ ਦਿੰਦਿਆਂ ਇਹ ਐਲਾਨ ਕੀਤਾ ਹੈ ਕਿ ਉਨਨ੍ਹਾਂ ਨੇ ਆਪਣੇ ਕਲੱਬ ਬਾਰਸੀਲੋਨਾ ਨੂੰ ਛੱਡਣ ਦਾ ਮਨ ਬਣਾ ਲਿਆ ਹੈ। 33 ਸਾਲਾ ਇਸ ਫੁੱਟਬਾਲ ਸੁਪਰਸਟਾਰ ਨੇ ਇੱਕ ਫੈਕਸ ਸੰਦੇਸ਼ ਰਾਹੀਂ ਆਪਣੇ ਕਲੱਬ ਬਾਰਸੀਲੋਨਾ ਨੂੰ ਇਹ ਦੱਸ ਦਿੱਤਾ ਹੈ ਕਿ ਹੁਣ ਓਹ ਆਪਣੇ ਫੁੱਟਬਾਲ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਕਰਦਿਆਂ, ਕਿਸੇ ਹੋਰ ਥਾਂ, ਕਿਸੇ ਹੋਰ ਚੁਣੌਤੀ ਦਾ ਸਾਹਮਣਾ ਕਰਨ ਦੀ ਇੱਛਾ ਰੱਖਦੇ ਹਨ। ਮੈਸੀ ਨੇ ਆਪਣਾ ਤਮਾਮ ਫੁੱਟਬਾਲ ਜੀਵਨ ਬਾਰਸੀਲੋਨਾ ਵਿਖੇ ਹੀ ਬਿਤਾਇਆ ਹੈ ਅਤੇ ਇਹੀ ਓਹ ਕਲੱਬ ਹੈ ਜਿੱਥੇ ਅੱਲੜ ਉਮਰੇ ਆਏ ਮੈਸੀ ਨੇ ਵਿਸ਼ਵ ਦੇ ਮਹਾਨ ਖਿਡਾਰੀ ਬਣਨ ਤੱਕ ਦਾ ਸਫਰ ਤੈਅ ਕੀਤਾ ਅਤੇ ਮੈਸੀ ਦਾ ਬਾਰਸੀਲੋਨਾ ਨਾਲ ਰਿਸ਼ਤਾ ਹਰ ਵੇਲੇ ਅਟੁੱਟ ਹੀ ਲੱਗਦਾ ਸੀ ਪਰ ਇਸ ਸੀਜ਼ਨ ਹਾਲਾਤ ਬਦਲ ਗਏ ਹਨ ਅਤੇ ਇਸੇ ਕਰਕੇ ਫੁੱਟਬਾਲ ਜਗਤ ਵਿੱਚ ਮੈਸੀ ਦੇ ਇਸੇ ਫੈਸਲੇ ਨੂੰ ਇੱਕ ਵੱਡੀ ਖਬਰ ਵਜੋਂ ਵੇਖਿਆ ਜਾ ਰਿਹਾ ਹੈ।
ਮੈਸੀ ਦੇ ਕਲੱਬ ਬਾਰਸੀਲੋਨਾ ਨੇ ਚੈਂਪੀਅਨਜ਼ ਲੀਗ ਦੀ ਨਿਰਾਸ਼ਾ ਤੋਂ ਬਾਅਦ ਨਵੇਂ ਕੋਚ ਨਿਯੁਕਤ ਕੀਤੇ ਹਨ ਅਤੇ ਨਵੇਂ ਸਿਰਿਓਂ ਟੀਮ ਖੜੀ ਕਰਨ ਦੀ ਗੱਲ ਕਹੀ ਹੋਈ ਹੈ। ਲਿਓਨਲ ਮੈਸੀ ਦਾ ਨਾਂਅ ਸਪੇਨ ਦੇ ਕਲੱਬ ਬਾਰਸੀਲੋਨਾ ਨਾਲ ਇਕ ਪੂਰਕ ਵਜੋਂ ਜੁੜਿਆ ਰਿਹਾ ਹੈ ਅਤੇ ਦੋਹਾਂ ਦੇ ਅਲੱਗ ਹੋਣ ਬਾਰੇ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਅਤੇ ਮੈਸੀ ਨੇ ਵੀ ਅਕਸਰ ਇਹੀ ਗੱਲ ਆਖੀ ਸੀ ਕਿ ਓਹ ਆਪਣੇ ਫੁੱਟਬਾਲ ਜੀਵਨ ਨੂੰ ਇਸੇ ਬਾਰਸੀਲੋਨਾ ਵਿੱਚ ਮੁਕੰਮਲ ਕਰਨ ਦੀ ਖਾਹਿਸ਼ ਰੱਖਦੇ ਹਨ ਜਿੱਥੇ ਉਨਾਂ ਨੇ ਬਚਪਨ ਵਿੱਚ ਪੈਰ ਧਰਿਆ ਸੀ।
ਪਿਛਲੇ ਕੁੱਝ ਸਮੇਂ ਤੋਂ ਮੈਸੀ ਬਾਰਸੀਲੋਨਾ ਕਲੱਬ ਦੇ ਸੰਚਾਲਨ ਦੇ ਤੌਰ ਤਰੀਕਿਆਂ ਪ੍ਰਤੀ ਨਾਖੁਸ਼ੀ ਜ਼ਾਹਰ ਕਰ ਚੁੱਕੇ ਹਨ ਅਤੇ ਉੱਤੋਂ, ਚੈਂਪੀਅਨਜ਼ ਲੀਗ ਕੁਆਰਟਰਫ਼ਾਈਨਲ ਵਿੱਚ ਬਾਇਰਨ ਮਿਊਨਿਖ ਹਥੋਂ 8-2 ਦੀ ਵੱਡੀ ਹਾਰ ਨੇ ਮੈਸੀ ਨੂੰ ਇਸ ਕਦਰ ਨਿਰਾਸ਼ ਕੀਤਾ ਸੀ ਕਿ ਏਨੇ ਸਾਲਾਂ ਵਿੱਚ ਪਹਿਲੀ ਵਾਰ ਬਾਰਸੀਲੋਨਾ ਤੋਂ ਵੱਖਰਾ ਕੁੱਝ ਸੋਚਣ ਲੱਗ ਪਏ ਸਨ। ਬਾਰਸੀਲੋਨਾ ਕਲੱਬ ਨੇ ਤਕਰੀਬਨ ਆਪਣੀ ਟੀਮ ਦੇ ਵੱਡੇ ਹਿੱਸੇ ਨੂੰ ਬਦਲਣ ਦਾ ਐਲਾਨ ਕਰ ਦਿੱਤਾ ਹੈ ਅਤੇ ਜ਼ਿਆਦਾਤਰ ਖਿਡਾਰੀ ‘ਸੇਲ’ ਉੱਤੇ ਲਾ ਦਿੱਤੇ ਸਨ ਪਰ ਆਪਣੇ ਕਪਤਾਨ ਮੈਸੀ ਨੂੰ ਉਨਾਂ 8 ਖਿਡਾਰੀਆਂ ਵਿੱਚ ਸ਼ਾਮਲ ਦੱਸਿਆ ਸੀ ਜਿਨ੍ਹਾਂ ਨੂੰ ਬਦਲਿਆ ਨਹੀਂ ਜਾਵੇਗਾ ਪਰ ਖੁਦ ਮੈਸੀ ਨੇ ਪਹਿਲੀ ਵਾਰ ਬਾਰਸੀਲੋਨਾ ਤੋਂ ਬਾਹਰ, ਕਿਤੇ ਹੋਰ ਜਾ ਕੇ ਇੱਕ ਨਵਾਂ ਮਾਹੌਲ ਵੇਖਣ ਬਾਰੇ ਮਨ ਬਣਾ ਲਿਆ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਾਰਸੀਲੋਨਾ ਵਾਲੇ ਮੈਸੀ ਦਾ ਫੈਸਲਾ ਕਿਵੇਂ ਲੈਂਦੇ ਹਨ ਅਤੇ ਮੈਸੀ ਆਪਣੇ ਫੁੱਟਬਾਲ ਜੀਵਨ ਦੇ ਇਸ ਅਹਿਮ ਮੋੜ ਉੱਤੇ ਅਗਾਂਹ ਬਾਰੇ ਕੀ ਫੈਸਲਾ ਕਰਦੇ ਹਨ ਕਿਉਂਕਿ ਦੁਨੀਆਂ ਦੇ ਸਾਰੇ ਵੱਡੇ ਕਲੱਬ ਉਨਾਂ ਦੀ ਨਵੀਂ ਮੰਜ਼ਿਲ ਵਜੋਂ ਸਾਥ ਹਾਸਲ ਕਰਨ ਲਈ ਤਿਆਰ ਖੜੇ ਹਨ।