ਹਾਂਗਜ਼ੂ, 5 ਅਕਤੂਬਰ-ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਤਕਨੀਕੀ ਅੜਚਨਾਂ ਅਤੇ ਹਮਵਤਨ ਕਿਸ਼ੋਰ ਜੇਨਾ ਤੋਂ ਮਿਲੀ ਸਖ਼ਤ ਚੁਣੌਤੀ ਤੋਂ ਉੱਭਰਦਿਆਂ ਇਸ ਸੈਸ਼ਨ ਦਾ ਆਪਣਾ ਸਰਵੋਤਮ 88.88 ਮੀਟਰ ਦਾ ਥਰੋਅ ਸੁੱਟ ਕੇ ਏਸ਼ਿਆਈ ਖੇਡਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਦੀ 400 ਮੀਟਰ ਰਿਲੇਅ ਟੀਮ ਨੇ ਵੀ ਆਪਣਾ ਖ਼ਿਤਾਬ ਬਰਕਰਾਰ ਰੱਖਿਆ। ਭਾਰਤ ਨੇ ਅੱਜ ਕੁੱਲ 12 ਤਗ਼ਮੇ ਜਿੱਤੇ, ਜਨ੍ਹਿਾਂ ਵਿੱਚੋਂ ਸੱਤ ਟਰੈਕ ਅਤੇ ਫੀਲਡ ਵਿੱਚ ਮਿਲੇ। ਹੁਣ ਤੱਕ 81 ਤਗ਼ਮਿਆਂ ਨਾਲ ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਇਹ ਸਰਵੋਤਮ ਪ੍ਰਦਰਸਨ ਹੈ। ਪਿਛਲੀ ਵਾਰ ਜਕਾਰਤਾ ਵਿੱਚ ਭਾਰਤ ਨੇ 70 ਤਗ਼ਮੇ ਜਿੱਤੇ ਸੀ।
ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਅੱਜ ਇੱਥੇ ਰੋਮਾਂਚਕ ਫਾਈਨਲ ਵਿਚ ਚੀਨੀ ਤਾਇਪੇ ਨੂੰ ਇਕ ਅੰਕ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ। ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਵਿਸ਼ਵ ਚੈਂਪੀਅਨ ਟੀਮ ਨੇ ਆਖਰੀ ਪੜਾਅ ਵਿੱਚ ਚੀਨੀ ਤਾਇਪੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 60 ਵਿੱਚੋਂ 60 ਅੰਕਾਂ ਦੇ ਪੂਰੇ ਅੰਕ ਲੈ ਕੇ 230-229 ਨਾਲ ਹਰਾਇਆ।
ਇਸ ਤੋਂ ਬਾਅਦ ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ ਨੇ ਸਕੁਐਸ਼ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਏਸ਼ਿਆਈ ਖੇਡਾਂ ਵਿੱਚ ਸਕੁਐਸ਼ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੁਕਾਬਲੇ ਸ਼ਾਮਲ ਕੀਤੇ ਗਏ ਸਨ। ਭਾਰਤ ਇਸ ਦਾ ਪਹਿਲਾ ਚੈਂਪੀਅਨ ਬਣਿਆ। ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ ਮਿਕਸਡ ਡਬਲਜ਼ ਦਾ ਸੋਨ ਜਿੱਤਣ ਵਾਲੀ ਪਹਿਲੀ ਜੋੜੀ ਬਣ ਗਈ। ਭਾਰਤ ਲਈ ਇਤਿਹਾਸਕ ਪਲ। ਭਾਰਤ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 20ਵਾਂ ਸੋਨ ਤਗ਼ਮਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 83 ਹੋ ਗਈ ਹੈ।