ਔਕਲੈਂਡ, 26 ਅਗਸਤ, 2020 : ਨਿਊਜ਼ੀਲੈਂਡ ਦੇ ਵਿਚ ਕਰੋਨਾ ਦੀ ਮੁੜ ਆਮਦ ਦੀ ਰਫਤਾਰ ਧੀਮੀ-ਧੀਮੀ ਜਾਰੀ ਹੈ ਅਤੇ ਰੁਕਣ ਦਾ ਨਾਂਅ ਨਹੀਂ ਲੈ ਰਹੀ। ਅੱਜ ਫਿਰ ਕੁੱਲ 5 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿਚ ਤਿੰਨ ਕਮਿਊਨਿਟੀ ਦੇ ਵਿਚੋਂ ਹਨ ਜਿਨ੍ਹਾਂ ਵਿਚੋਂ ਇਕ ਦੀ ਅਗਲੇਰੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋ ਹੋਰ ਕੇਸ ਹਨ ਜਿਨ੍ਹਾਂ ਵਿਚ ਇਕ 50 ਸਾਲਾ ਦੀ ਔਰਤ ਅਤੇ ਇਕ 30 ਸਾਲਾ ਦਾ ਪੁਰਸ਼ ਹੈ। ਉਨ੍ਹਾਂ ਨੂੰ ਜੈਟ ਪਾਰਕ ਹੋਟਲ ਵਿਖੇ ਭੇਜ ਦਿੱਤਾ ਗਿਆ ਹੈ। ਹੁਣ ਦੇਸ਼ ਦੇ ਵਿਚ ਕਰੋਨਾ ਪੀੜ੍ਹਤਾਂ ਦੀ ਗਿਣਤੀ 134 ਹੋ ਗਈ ਹੈ ਜਿਨ੍ਹਾਂ ਵਿਚੋਂ 21 ਕੇਸ ਵਿਦੇਸ਼ ਤੋਂ ਪਰਤੇ ਲੋਕਾਂ ਦੇ ਹਨ। 108 ਕੇਸ ਔਕਲੈਂਡ ਤੋਂ ਫੈਲੇ ਕਰੋਨਾ ਦੇ ਹਨ ਅਤੇ ਇਹ ਇਕੋ ਕਲੱਸਟਰ ਦੇ ਨਾਲ ਸਬੰਧ ਰੱਖਦੇ ਹਨ। ਮਾਊਂਟ ਰੌਸਕਿਲ ਚਰਚ ਤੋਂ ਵੀ 5 ਲੋਕ ਕਰੋਨਾ ਪੀੜ੍ਹਤ ਆ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੇ ਸ਼ੁੱਕਰਵਾਰ ਇਕ ਵਿਆਹ ਦੇ ਵਿਚ ਵੀ ਲੋਕ ਇਕੱਤਰ ਹੋਏ ਅਤੇ ਚਰਚ ਵਿਚ ਵੀ ਇਕੱਤਰ ਹੋਏ। ਜੋ ਲੋਕ ਔਕਲੈਂਡ ਕਲੱਸਟਰ ਦੇ ਨਾਲ ਸਬੰਧ ਨਹੀਂ ਰੱਖਦੇ ਉਨ੍ਹਾਂ ਲਈ ਚਰਚ ਦੂਜਾ ਮਿੰਨੀ ਕਲਸਟਰ ਹੋ ਸਕਦਾ ਹੈ। ਦੇਸ਼ ਵਿਚ ਹੁਣ ਤੱਕ ਦੀ ਕੁੱਲ ਗਿਣਤੀ 1695 ਹੈ ਜਿਸ ਦੇ ਵਿਚ 1344 ਦੀ ਪੁੱਸ਼ਟੀ ਹੋ ਚੁੱਕੀ ਹੈ ਅਤੇ 351 ਸੰਭਾਵਿਤ ਹਨ। 1539 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ। ਮੌਤਾਂ ਦੀ ਗਿਣਤੀ 22 ਹੈ। ਹਸਪਤਾਲ ਦੇ ਵਿਚ ਕਰੋਨਾ ਪੀੜਤਾਂ ਦੀ ਗਿਣਤੀ 10 ਹੈ।