ਹਰਿਆਣਾ, 26 ਅਗਸਤ -ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਨ੍ਹੀਂ ਦਿਨੀਂ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ| ਹੋਣ ਵੀ ਕਿਉਂ ਨਾ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਦੌਰਾਨ ਉਹ ਪਿਛਲੇ ਮਹੀਨਿਆਂ ਤੋਂ ਲੋਕਾਂ ਦੀ ਮਦਦ ਕਰ ਰਹੇ ਹਨ| ਸੋਨੂੰ ਸੂਦ ਨੇ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ| ਹੁਣੁ ਸੋਨੂੰ ਸੂਦ ਨੇ ਹਰਿਆਣਾ ਦੇ ਮੋਰਨੀ ਇਲਾਕੇ ਦੇ ਇਕ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਮਦਦ ਕੀਤੀ ਹੈ|
ਸੋਨੂੰ ਸੂਦ ਨੇ ਇਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਭੇਂਟ ਕੀਤੇ ਹਨ ਤਾਂ ਕਿ ਇਹ ਬੱਚੇ ਆਪਣੇ ਘਰ ਰਹਿ ਕੇ ਆਨਲਾਈਨ ਪੜ੍ਹਾਈ ਕਰ ਸਕਣ| ਸਰਕਾਰੀ ਸਕੂਲ ਦੇ ਪ੍ਰਿੰਸੀਪਲ ਪਵਨ ਜੈਨ ਨੇ ਦੱਸਿਆ ਹੈ ਕਿ ਇਹ ਬੱਚੇ ਮੋਰਨੀ ਇਲਾਕੇ ਦੇ ਕੋਟੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਇਨ੍ਹਾਂ ਦੇ ਕੋਲ ਮੋਬਾਈਲ ਫੋਨ ਨਾ ਹੋਣ ਦੀ ਵਜ੍ਹਾ ਕਰ ਕੇ ਇਹ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ| ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਲੱਗਭਗ 190 ਵਿਦਿਆਰਥੀ ਹਨ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ| ਕੁਝ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀਆਂ ਤੱਕ ਪਹੁੰਚਣ ਲਈ ਮੀਲਾਂ ਦੀ ਯਾਤਰਾ ਕਰਨੀ ਪੈਂਦੀ ਹੈ, ਜਿਨ੍ਹਾਂ ਕੋਲ ਸਮਾਰਟ ਫੋਨ ਹਨ|
ਸੋਨੂੰ ਦੇ ਸਹਿਯੋਗੀ ਕਰਨ ਗਿਹਲੋਤਰਾ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਮੋਰਨੀ ਦੇ ਕੁਝ ਵਿਦਿਆਰਥੀਆਂ ਨੂੰ ਸਮਾਰਟ ਫੋਨ ਤੱਕ ਪਹੁੰਚ ਲਈ ਮੀਲਾਂ ਦੀ ਯਾਤਰਾ ਕਰਨੀ ਪੈਂਦੀ ਹੈ ਤਾਂ ਅਸੀਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਲਈ ਉਡੀਕ ਨਹੀਂ ਕਰ ਸਕੇ| ਬੱਚਿਆਂ ਲਈ ਮੋਬਾਇਲ ਫੋਨ ਭੇਜ ਦਿੱਤੇ ਤਾਂ ਕਿ ਇਨ੍ਹਾਂ ਦੀ ਪੜ੍ਹਾਈ ਵਿੰਚ ਕੋਈ ਅੜਚਨ ਨਾ ਆਵੇ| ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਕੁਝ ਕਰ ਸਕੇ ਹਾਂ|