ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਡੀਓ ਲਿੰਕ ਰਾਹੀਂ ਪੈ੍ਰਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਦੇ 20 ਲੱਖ ਕਰੋੜ ਦੇ ਰਾਹਤ ਪੈਕੇਜ਼,. ਕੋਰੋਨਾ ਦੌਰਾਨ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਅਤੇ ਦੇਸ਼ ਦੇ ਆਰਥਿਕ ਹਾਲਾਤਾਂ ਸਬੰਧੀ ਕਿਹਾ ਕਿ ਭਾਰਤ ਵਿੱਚ ਵੱਡਾ ਆਰਥਿਕ ਤੂਫਾਨ ਹਾਲੇ ਆਇਆ ਹੀ ਨਹੀਂ, ਇਹ ਛੇਤੀ ਹੀ ਆਉਣ ਵਾਲਾ ਹੈ ਅਤੇ ਭਾਰਤ ਦਾ ਜਬਰਦਸਤ ਨੁਕਸਾਨ ਹੋਣ ਵਾਲਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਆਰਥਿਕ ਤਬਾਹੀ ਤੋਂ ਬਚਣ ਲਈ ਮੋਦੀ ਸਰਕਾਰ ਸਾਡੀ ਸਲਾਹ ਲਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਡੀ ਸੁਣ ਹੀ ਨਹੀਂ ਰਹੀ, ਇਸ ਲਈ ਤਬਾਹੀ ਤੋਂ ਬਚਿਆ ਨਹੀਂ ਜਾ ਸਕੇਗਾ। ਦੇਸ਼ ਵਿੱਚ ਪਹਿਲਾਂ ਲੌਕਡਾੳੂਨ ਦਾ ਵਿਰੋਧ ਕਰਦੇ ਰਹੇ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਸੋਚੇ-ਸਮਝੇ ਲੌਕਡਾੳੂਨ ਹਟਾਇਆ ਤਾਂ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਲੌਕਡਾੳੂਨ ਖੋਲ੍ਹਣ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਫੈਸਲੇ ਲਏ ਜਾਣੇ ਚਾਹੀਦੇ ਹਨ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਰਾਹਤ ਪੈਕੇਜ਼ ਲੋਕਾਂ ਨੂੰ ਕਰਜ਼ੇ ਵੰਡਣ ਦੀਆਂ ਯੋਜਨਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਕਰਜ਼ਿਆਂ ਦੀ ਨਹੀਂ, ਸਿੱਧੀ ਵਿੱਤੀ ਮੱਦਦ ਦੀ ਲੋੜ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਪਾਏ ਜਾਣੇ ਚਾਹੀਦੇ ਹਨ, ਤਾਂ ਕਿ ਉਹ ਬਾਜ਼ਾਰ ਵਿੱਚ ਖ੍ਰੀਦ ਕਰਨ ਲਈ ਜਾ ਸਕਣ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕੋਰੋਨਾ ਨਾਲ ਲੜਨ ਦੌਰਾਨ ਮੋਦੀ ਸਰਕਾਰ ਸਿਰਫ ਨਿਗਰਾਨੀ ਕਰੇ, ਬਾਕੀ ਕੰਮ ਸੂਬਾ ਸਰਕਾਰਾਂ ਉੱਪਰ ਛੱਡ ਦੇਵੇ। ਰਾਹੁਲ ਨੇ ਕਿਹਾ ਕਿ ਕੇਂਦਰ ਸੂਬਿਆਂ ਨੂੰ ਪੈਸਾ ਦੇਣ ਦੀ ਥਾਂ ਆਪ ਹੀ ਸਭ ਕੁਝ ਕਰ ਰਿਹਾ ਹੈ, ਜਿਸ ਨਾਲ ਕੋਰੋਨਾ ਮਾਮਲੇ ’ਤੇ ਸੂਬਾ ਸਰਕਾਰਾਂ ਫੇਲ੍ਹ ਹੋ ਰਹੀਆਂ ਹਨ।