ਮਾਨਸਾ, 24 ਅਗਸਤ 2020 – ਮਾਨਸਾ ਜ਼ਿਲ੍ਹੇ ਦੀ ਰਾਜਨੀਤੀ ਦੇ ਥੰਮ੍ਹ ਜਾਣੇ ਜਾਦੇ ਸਾਬਕਾ ਅਕਾਲੀ ਵਿਧਾਇਕਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ, ਸਾਬਕਾ ਚੇਅਰਮੈਨਾਂ ਤੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖਕੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਮੌਜਦੂਗੀ ਵਿੱਚ ਵੱਡੀ ਗਿਣਤੀ ਆਗੂਆਂ ਨੇ ਸ਼ਾਮਲ ਹੋ ਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਥ ਤੇ ਪੰਜਾਬ ਦੇ ਭਲੇ ਲਈ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ਤੇ ਤੋਰਨ ਅਤੇ ਪੰਥਕ ਏਜੰਡਿਆਂ ਨੂੰ ਉਭਾਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।
ਪਰਮਿੰਦਰ ਸਿੰਘ ਢੀਂਡਸਾ ਅੱਜ ਸਵੱਖਤੇ ਹੀ ਮਾਨਸਾ ਜ਼ਿਲ੍ਹੇ ਦੀਆਂ ਬਰੂਹਾਂ ‘ਤੇ ਪੁੱਜੇ ਅਤੇ ਇੱਥੇ ਕੋਰੋਨਾ ਵਾਇਰਸ ਬਾਰੇ ਤਾਜ਼ਾ ਸਖ਼ਤ ਹਦਾਇਤਾਂ ਅਨੁਸਾਰ ਨਿਯਮਾਂ ਦੀ ਪਾਲਣਾ ਕਰਦਿਆਂ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।ਢੀਂਡਸਾ ਦਿਆਲਪੁਰਾ, ਦਾਤੇਵਾਸ, ਬੁਢਲਾਡਾ , ਮਾਨਸਾ ਤੇ ਰੱਲਾ ਵਿਖੇ ਪੁੱਜੇ। ਦਿਆਲਪੁਰੇ ਤੋਂ ਹੀ ਅਕਾਲੀ ਆਗੂਆਂ ਤੇ ਵਰਕਰਾਂ ਦਾ ਬਾਦਲ ਦਲ ਨੂੰ ਅਲਵਿਦਾ ਕਹਿਕੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਮਾਨਸਾ ਤੋਂ ਰੱਲੇ ਤੱਕ ਜਾਰੀ ਰਿਹਾ।
ਵੱਖ ਵੱਖ ਥਾਵਾਂ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਕੌਰ ਸਿੰਘ ਖਾਰਾ, ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਬਿਕਰਮਜੀਤ ਸਿੰਘ ਦਾਤੇਵਾਸ (ਪੁੱਤਰ ਹਰਬੰਤ ਸਿੰਘ ਦਾਤੇਵਾਸ ਸਾਬਕਾ ਵਿਧਾਇਕ), ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਮਨਦੀਪ ਸਿੰਘ ਡਿੰਪੀ , ਨਰਜੰਣ ਸਿੰਘ ਦਿਆਲਪੁਰਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਸਵਿੰਦਰ ਸਿੰਘ ਨੰਬਰਦਾਰ ਰਿਉਦ ਕਲਾਂ, ਬੂਟਾ ਸਿੰਘ ਕੁਲਾਵਾਂ, ਅਕਾਲੀ ਆਗੂ ਤੇ ਸਾਬਕਾ ਸਿੱਖਿਆ ਅਫਸਰ ਹੰਸਾ ਸਿੰਘ, ਜਥੇਦਾਰ ਭੋਲਾ ਸਿੰਘ ਕਾਹਨਗੜ੍ਹ,ਸਾਬਕਾ ਸਰਪੰਚ ਰਮੇਸ਼ ਕੁਮਾਰ ਮੰਡੇਰ ,ਰਜਿੰਦਰ ਸਿੰਘ ਰੱਲਾ ਅਤੇ ਮੇਵਾ ਸਿੰਘ ਮੰਡੇਰ ਸਮੇਤ ਅਨੇਕਾਂ ਪੰਚ ਸਰਪੰਚ ਤੇ ਅਕਾਲੀ ਵਰਕਰ ਸ਼ਾਮਲ ਹੋਏ। ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਸਾਮਲ ਹੋਣ ਵਾਲੇ ਆਗੂਆਂ ਦਾ ਭਰਪੂਰ ਸਵਾਗਤ ਕੀਤਾ ਤੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਯਤਨਾਂ ਤੇ ਸੰਗਤ ਦੇ ਸਹਿਯੋਗ ਸਦਕਾ ਪੰਥ ਤੇ ਪੰਜਾਬ ਦੇ ਭਲੇ ਲਈ ਉੱਠੀ ਲਹਿਰ ਹੋਰ ਮਜਬੂਤ ਹੋਵੇਗੀ। ਸ੍ਰ ਢੀਂਡਸਾ ਨੇ ਕਿਹਾ ਕਿ ਸੰਗਤ ਜਲਦੀ ਹੀ ਅਹਿਸਾਸ ਕਰਾ ਦੇਵੇਗੀ ਕਿ ਅਕਾਲੀ ਦਲ ਕਿਸੇ ਦੀ ਜਗੀਰ ਨਹੀਂ ਹੈ। ਇਹ ਸਿੱਖ ਪੰਥ ਦੀ ਅਮਾਨਤ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਦਰ ਇੱਕ ਸ਼ਾਨਦਾਰ ਕਰਾਂਤੀ ਦੇਖ ਰਹੇ ਹਾਂ। ਲੋਕ ਬਾਦਲ ਪਰਿਵਾਰ ਦੀਆਂ ਗਲਤੀਆਂ ਤੇ ਝੂਠਾਂ ਨੂੰ ਅਕਾਲੀ ਦਲ ਦੇ ਝੰਡੇ ਹੇਠਾਂ ਲੁਕੋਣ ਨਹੀਂ ਦੇਣਗੇ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਸੰਗਤ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਤੁਰਨ ਲਈ ਉਤਾਵਲੀ ਹੈ। ਕੋਰੋਨਾ ਵਾਇਰਸ ਦੀਆਂ ਗਾਇਡਲਾਈਨਜ਼ ਤੇ ਪ੍ਰਸਾਸਨ ਦੀ ਸ਼ਖਤੀ ਕਾਰਨ ਕੁੱਝ ਆਗੂਆਂ ਨੂੰ ਹੀ ਸਾਮਲ ਹੋਣਾ ਪਿਆ। ਆਗੂਆਂ ਨੇ ਦੱਸਿਆ ਕਿ ਸੈਂਕੜੇ ਵਰਕਰਾਂ ਨੇ ਫੋਨ ਜਰੀਏ ਸ੍ਰ ਢੀਂਡਸਾ ਨੂੰ ਸਾਮਲ ਹੋਣ ਦਾ ਵਿਸਵਾਸ਼ ਵੀ ਦਿਵਾਇਆ ਪਰ ਫਿਰ ਵੀ ਕਰੋਨਾ ਵਾਇਰਸ ਦੇ ਖਤਮ ਹੋਣ ਮਗਰੋ ਜਿਲ੍ਹੇ ਅੰਦਰ ਵੱਡਾ ਇਕੱਠ ਕਰਕੇ ਪਾਰਟੀ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਬੁਲਾਇਆ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਵਰਕਰਾਂ ਤੇ ਪੁਰਾਣੇ ਜਥੇਦਾਰਾਂ ਨੂੰ ਲਾਮਬੰਦ ਕਰਨਗੇ ਤਾਂ ਕਿ ਬਾਦਲ ਦਲ ਦਾ ਜਿਲ੍ਹੇ ਅੰਦਰ ਮੁਕੰਮਲ ਸਫਾਇਆ ਕਰ ਸਕੀਏ।