ਸ੍ਰੀ ਮੁਕਤਸਰ ਸਾਹਿਬ , 20 ਫਰਵਰੀ 2024 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨ ਸੰਘਰਸ਼ ਦੇ ਰਵੱਈਏ ਸਬੰਧੀ ਟਿਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਐਮ.ਐਸ.ਪੀ ਸਬੰਧੀ ਮੰਗਾਂ ਤੁਰੰਤ ਪ੍ਰਵਾਨ ਕਰੇ। ਸਰਕਾਰ ਨਾਹਪੱਖੀ ਜਾਂ ਟਾਲਮਟੋਲ ਵਾਲੀ ਭੂਮਿਕਾ ਰਾਹੀਂ ਸਮੁੱਚੇ ਦੇਸ਼ ਦੇ ਕਿਸਾਨ ਵਰਗ ਨੂੰ ਸੰਘਰਸ਼ ਵਾਲੇ ਇਮਤਿਹਾਨ ਵਿੱਚ ਨਾ ਪਾਵੇ। ਇਹ ਪੰਜਾਬ ਦਾ ਹੀ ਨਹੀਂ ਸਗੋਂ ਦੇਸ ਦੇ ਕਿਸਾਨਾਂ ਦੀ ਮੰਗ ਦਾ ਮਾਮਲਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਸਰਕਾਰੀ ਮੀਡੀਆ ਜ਼ੋਰਦਾਰ ਤਰੀਕੇ ਨਾਲ ਇਸ ਪ੍ਰਚਾਰ ਵਿੱਚ ਲੱਗਾ ਹੋਇਆ ਕਿ ਐਮ.ਐਸ.ਪੀ ਨਾਲ ਸਰਕਾਰੀ ਖਜਾਨਾ ਖਾਲੀ ਹੋ ਜਾਵੇਗਾ।ਇਹ ਲੋਕਾਂ ਨੂੰ ਡਰਾਉਣ ਵਾਲਾ ਤੇ ਗਲਤ ਪ੍ਰਚਾਰ ਹੈ।ਉਨ੍ਹਾਂ ਕਿਹਾ ‘ਕ੍ਰਿਸਿਲ’ ਸੰਸਥਾ ਦੇ ਅੰਦਾਜੇ ਅਨੁਸਾਰ ਪਿਛਲੇ ਸਾਲ 21 ਹਜ਼ਾਰ ਕਰੋੜ ਰੁਪਏ ਸਰਕਾਰੀ ਖਰਚ ਹੋਇਆ ਹੈ ਜੋ ਕੇਂਦਰ ਸਰਕਾਰ ਦੇ ਬਜਟ ਦਾ 0.2 ਫੀਸਦੀ ਤੋਂ ਘੱਟ ਹੈ।ਜੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਨਾਲ ਐਮ.ਐਸ.ਪੀ ਦੇਣ ਦਾ ਖਰਚ 2 ਲੱਖ ਕਰੋੜ ਵੀ ਹੋਵੇ ਤਾਂ ਦੇਸ਼ ਦੀ ਬਹੁਗਿਣਤੀ ਕਿਸਾਨ ਲਈ ਖਰਚ ਕਰਨੀ ਵਾਜਿਬ ਹੈ।