ਸ੍ਰੀ ਮੁਕਤਸਰ ਸਾਹਿਬ, 23 ਅਗਸਤ 2020 – ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵੱਧਦੇ ਕੋਰੋਨਾ ਕਹਿਰ ਦੇ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਬੰਦ ਦੇ ਲਏ ਗਏ ਫੈਸਲੇ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਵੀ ਅੱਜ ਦੂਜੇ ਦਿਨ ਵੀ ਮੁਕੰਮਲ ਬੰਦ ਦਾ ਨਜ਼ਾਰਾ ਨਜ਼ਰ ਆਇਆ।
ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਡੀ ਸੁਡਰਵਿਲੀ ਵੱਲੋਂ ਸ਼ਹਿਰ ਭਰ ਅੰਦਰ ਪੁਲਸ ਟੀਮਾਂ ਦੀ ਚੌਕਸੀ ਵਧਾਈ ਗਈ, ਉਥੇ ਹੀ ਲਾਕਡਾਊਨ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ਵੀ ਭਾਂਅ-ਭਾਂਅ ਕਰਦੀਆਂ ਰਹੀਆਂ।
ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਸ਼ਹਿਰ ਭਰ ਅੰਦਰ ਗਸ਼ਤ ਜਾਰੀ ਰੱਖੀ, ਜਦੋਂਕਿ ਸ਼ਹਿਰ ਦੇ ਬਾਹਰੀ ਰਸਤਿਆਂ ’ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਪੁਲਸ ਵੱਲੋਂ ਕੀਤੀ ਜਾਂਦੀ ਰਹੀ। ਇਸ ਤੋਂ ਇਲਾਵਾ ਬਾਹਰ ਨਿਕਲਣ ਵਾਲੇ ਵਿਅਕਤੀਆਂ ’ਤੇ ਮਾਸਕਾਂ ਪ੍ਰਤੀ ਵੀ ਪੁਲਸ ਦੀ ਵਿਸ਼ੇਸ਼ ਨਿਗਰਾਨੀ ਰਹੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੁੰਨ ਪੱਸਰੀ ਰਹੀ ਤੇ ਟਾਂਵੇਂ-ਟਾਂਵੇਂ ਵਹੀਕਲ ਤੇ ਲੋਕ ਹੀ ਸੜਕਾਂ ’ਤੇ ਨਜ਼ਰ ਆਏ।
ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਦੋ ਦਿਨਾ ਲਾਕਡਾਊਨ ਦੀ ਪਾਲਣਾ ਸ਼ਹਿਰ ਵਾਸੀਆਂ ਵੱਲੋਂ ਵੀ ਪੂਰੀ ਤਨਦੇਹੀ ਨਾਲ ਕੀਤੀ ਗਈ। ਸਿਰਫ਼ ਜ਼ਰੂਰੀ ਕੰਮਕਾਜ, ਡਾਕਟਰੀ ਇਲਾਜ ਜਾਂ ਐਮਰਜੈਂਸੀ ਹਾਲਤਾਂ ਵਾਲੇ ਲੋਕ ਹੀ ਸੜਕਾਂ ’ਤੇ ਨਿਕਲੇ। ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ’ਤੇ ਪੁਲਸ ਟੀਮਾਂ ਵੱਲੋਂ ਪੂਰਾ ਦਿਨ ਸ਼ਹਿਰ ਭਰ ਅੰਦਰ ਗਸ਼ਤ ਜਾਰੀ ਰੱਖੀ ਤੇ ਨਾਕਿਆਂ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਪੁਲਸ ਟੀਮਾਂ ਵੱਲੋਂ ਵੱਖ-ਵੱਖ ਚੌਂਕਾਂ ’ਤੇ ਨਾਕਾਬੰਦੀ ਕਰਕੇ ਸਖਤਾਈ ਵਧਾਈ ਗਈ। ਉਥੇ ਹੀ ਡਰੋਨਾਂ ਜ਼ਰੀਏ ਵੀ ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਿਸ ਦੀ ਵਿਸ਼ੇਸ਼ ਨਿਗਰਾਨੀ ਰਹੀ।