ਪਿਓਂਗਯਾਂਗ, 18 ਅਗਸਤ- ਉੱਤਰੀ ਕੋਰੀਆ ਇਨੀਂ ਦਿਨੀਂ ਦੋਹਰੀ ਪਰੇਸ਼ਾਨੀ ਨਾਲ ਨਜਿੱਠ ਰਿਹਾ ਹੈ| ਇਕ ਤਾਂ ਕੋਰੋਨਾਵਾਇਰਸ ਅਤੇ ਦੂਜੇ ਪਾਸੇ ਇਥੇ ਖਾਣ-ਪੀਣ ਦੀ ਕਮੀ ਤੋਂ ਲੋਕ ਪਰੇਸ਼ਾਨ ਹਨ| ਇਸ ਸੰਕਟ ਨਾਲ ਨਜਿੱਠਣ ਲਈ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਅਨਾਜ ਖਰੀਦਣ ਜਾਂ ਖੇਤੀ ਨੂੰ ਵਧਾਉਣ ਦੀ ਬਜਾਏ ਕੁੱਤਿਆਂ ਦੀ ਜਾਨ ਲੈਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ| ਕਿਮ ਦੇ ਆਦੇਸ਼ ਨਾਲ ਕੁੱਤਿਆਂ ਨੂੰ ਪਾਲਣ ਵਾਲੇ ਲੋਕ ਬੇਹੱਦ ਡਰੇ ਹੋਏ ਹਨ ਅਤੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਹਨ ਹੁਣ ਜਿੰਨਾਂ ਨੂੰ ਉਹ ਪਿਆਰ ਨਾਲ ਪਾਲ ਰਹੇ ਸਨ ਉਨ੍ਹਾਂ ਨੂੰ ਹੁਣ ਮਾਰ ਦਿੱਤਾ ਜਾਵੇਗਾ|
ਜਿਕਰਯੋਗ ਹੈ ਕਿ ਕਿਮ ਜੋਂਗ ਓਨ ਨੇ ਇਸ ਸਾਲ ਜੁਲਾਈ ਵਿੱਚ ਐਲਾਨ ਕੀਤਾ ਸੀ ਕਿ ਦੇਸ਼ ਵਿੱਚ ਹੁਣ ਕੁੱਤਾ ਪਾਲਣਾ ਗੈਰ-ਕਾਨੂੰਨੀ ਹੈ| ਉਨ੍ਹਾਂ ਨੇ ਘਰ ਵਿਚ ਕੁੱਤਿਆਂ ਨੂੰ ਪਾਲਣ ਨੂੰ ਪੂੰਜੀਪਤੀ ਵਿਚਾਰਧਾਰਾ ਨਾਲ ਜੋੜਿਆ ਸੀ| ਉੱਤਰੀ ਕੋਰੀਆ ਵਿੱਚ ਅਧਿਕਾਰੀਆਂ ਨੇ ਅਜਿਹੇ ਘਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਿਚ ਪਾਲੇ ਜਾ ਰਹੇ ਹਨ| ਲੋਕਾਂ ਤੋਂ ਜ਼ਬਰਨ ਉਨਾਂ ਦੇ ਕੁੱਤੇ ਖੋਹੇ ਜਾ ਰਹੇ ਹਨ| ਇਨਾਂ ਕੁੱਤਿਆਂ ਨੂੰ ਸਰਕਾਰੀ ਚਿੜੀਆ ਘਰਾਂ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਇਥੇ ਕੁੱਤਿਆਂ ਦਾ ਮਾਸ ਪਰੋਸਣ ਵਾਲੇ ਰੈਸਤਰਾਂ ਨੂੰ ਵੇਚਿਆ ਜਾ ਰਿਹਾ ਹੈ|
ਕੋਰੀਆ ਪ੍ਰਾਇਦੀਪ ਵਿੱਚ ਕੁੱਤੇ ਦਾ ਮਾਸ ਕਾਫੀ ਮਸ਼ਹੂਰ ਹੈ| ਹਾਲਾਂਕਿ, ਦੱਖਣੀ ਕੋਰੀਆ ਵਿਚ ਹੁਣ ਇਸ ਦਾ ਚਲਨ ਘੱਟ ਹੋ ਰਿਹਾ ਹੈ| ਹੁਣ ਵੀ ਸਾਲਾਨਾ 10 ਲੱਖ ਕੁੱਤੇ ਮਾਸ ਲਈ ਪਾਲੇ ਅਤੇ ਮਾਰੇ ਜਾਂਦੇ ਹਨ| ਉੱਤਰੀ ਕੋਰੀਆ ਵਿੱਚ ਹੁਣ ਵੀ ਕੁੱਤੇ ਦਾ ਮਾਸ ਕਾਫੀ ਪਸੰਦ ਕੀਤਾ ਜਾਂਦਾ ਹੈ| ਪਿਓਂਗਯਾਂਗ ਵਿੱਚ ਹੁਣ ਵੀ ਡਾਗ ਰੈਸਤਰਾਂ ਦੀ ਭਰਮਾਰ ਹੈ| ਕੁੱਤਿਆਂ ਦਾ ਮਾਸ ਗਰਮੀ ਅਤੇ ਹੁਮਸ ਭਰੇ ਮੌਸਮ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ| ਮੰਨਿਆ ਜਾਂਦਾ ਹੈ ਕਿ ਇਹ ਐਨਰਜੀ ਅਤੇ ਸਟੈਮੀਨਾ ਵਧਾਉਂਦਾ ਹੈ| ਜਾੜੇ ਦੇ ਦਿਨਾਂ ਵਿੱਚ ਸਬਜ਼ੀਆਂ ਦੇ ਨਾਲ ਇਸ ਦਾ ਸੂਪ ਬਣਾਇਆ ਜਾਂਦਾ ਹੈ| ਸਰਦੀਆਂ ਵਿਚ ਸਰੀਰ ਦਾ ਤਾਪਮਾਨ ਵਧਾਉਣ ਲਈ ਇਸ ਦਾ ਸੇਵਨ ਕੀਤਾ ਜਾਂਦਾ ਹੈ| ਜਿਕਰਯੋਗ ਹੈ ਕਿ ਕੁੱਤੇ ਪਾਲਣ ਵਾਲੇ ਲੋਕ ਕਿਮ ਜੋਂਗ ਓਨ ਨੂੰ ਗਲਤ ਦੱਸ ਰਹੇ ਹਨ ਪਰ ਉਹ ਕੁਝ ਕਰ ਨਹੀਂ ਸਕਦੇ ਹਨ| ਉਨ੍ਹਾਂ ਕੋਲ ਆਦੇਸ਼ ਮੰਨਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ|