ਔਕਲੈਂਡ 17 ਅਗਸਤ 2020 – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੀਬਾ ਜੈਸਿੰਡਾ ਆਰਡਰਨ ਨੇ ਕੈਬਨਿਟ ਦੀ ਸਲਾਹ ਉਤੇ ਫੈਸਲਾ ਕੀਤਾ ਹੈ ਕਿ ਪਹਿਲਾਂ ਕਰੋਨਾ ਨੂੰ ਨੱਥ ਪਾ ਲਈ ਜਾਵੇ ਅਤੇ ਲਾਕ ਡਾਊਨ ਖੋਲ੍ਹ ਲਿਆ ਜਾਵੇ ਤਾਂ ਕਿ ਸਾਰੀਆਂ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਸਕਣ ਇਸ ਕਰਕੇ ਆਮ ਚੋਣਾਂ ਜੋ 19 ਸਤੰਬਰ ਨੂੰ ਨੇਪਰੇ ਚੜ੍ਹ ਜਾਣੀਆਂ ਸਨ ਉਹ ਹੁਣ ਇਕ ਮਹੀਨੇ ਬਾਅਦ 17 ਅਕਤੂਬਰ ਨੂੰ ਨੇਪਰੇ ਚੜ੍ਹਨਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਆਕਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚ ਮੁੜ ਤੋਂ ਉਤਪਨ ਹੋ ਜਾਣਾ ਚਿੰਤਾ ਦਾ ਕਾਰਣ ਹੈ, ਜਿਸ ਦੇ ਕਰਕੇ ਸਾਰੀ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਰੁਕਿਆ ਹੋਇਆ ਹੈ। ਮੌਜੂਦਾ ਸੰਸਦ ਹੁਣ 6 ਸਤੰਬਰ ਨੂੰ ਭੰਗ ਹੋਏਗੀ, ਐਡਵਾਂਸ ਵੋਟਿੰਗ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਦੇਸ਼ ਤੋਂ ਬਾਹਰ ਬੈਠੇ ਨਾਗਰਿਕ 30 ਸਤੰਬਰ ਤੋਂ ਵੋਟਿੰਗ ਕਰ ਸਕਣਗੇ। ਚੋਣਾਂ ਦੇ ਨਾਲ ਹੋਣ ਵਾਲੇ ਦੋ ਜਨਮੱਤ ਵੀ ਅੱਗੇ ਪਾ ਦਿੱਤੇ ਗਏ ਹਨ।
ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦਾ ਕੰਮ ਕਰੋਨਾ ਤਾਲਾਬੰਦੀ ਪੱਧਰ -2 ਦੇ ਤਹਿਤ ਸੁਰੱਖਿਅਤ ਰੂਪ ਨਾਲ ਹੋ ਸਕਦਾ ਹੈ, ੋ ਜੇਕਰ ਅਗਲੇ ਮਹੀਨੇ ਕਰੋਨਾ ਖਤਮ ਨਹੀਂ ਹੁੰਦਾ ਅਤੇ ਪੱਧਰ-2 ਰਹਿੰਦਾ ਹੈ ਤਾਂ ਵੋਟਾਂ ਨਿਰਵਿਘਨ ਪੈ ਸਕਣਗੀਆਂ। ਸਰਕਾਰ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਤਰੀਕ ਹੁਣ ਦੁਬਾਰਾ ਨਹੀਂ ਵਧਾਈ ਜਾਵੇਗੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਸ ਨੂੰ ਵੋਟਰਾਂ ਦੀ ਭਾਗੀਦਾਰੀ, ਨਿਰਪੱਖਤਾ ਅਤੇ ਨਿਸ਼ਚਿਤਤਾ ਦਾ ਵੀ ਧਿਆਨ ਰੱਖਣਾ ਪਵੇਗਾ। ਆਮ ਹਾਲਤਾਂ ਵਿੱਚ ਚੋਣਾਂ ਦੀ ਤਾਰੀਖ਼ ਸਿਰਫ਼ ਪ੍ਰਧਾਨ ਮੰਤਰੀ ‘ਤੇ ਨਿਰਭਰ ਕਰਦੀ ਹੈ ਪਰ ਆਰਡਰਨ ਨੇ ਕਿਹਾ ਕਿ ਚੋਣ ਨੂੰ ਅੱਗੇ ਪਾਉਣਾ ਇਕ ਮਹੱਤਵਪੂਰਨ ਫ਼ੈਸਲਾ ਸੀ ਇਸ ਲਈ ਉਸ ਨੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ। ਉਨ੍ਹਾਂ ਨੇ ਮੰਨਿਆ ਕਿ ਪੂਰੀ ਸਹਿਮਤੀ ਮਿਲਣਾ ਸੰਭਵ ਨਹੀਂ ਸੀ, ਬਹੁਤੇ ਅੱਗੇ ਵਧਾਉਣ ਲਈ ਸਹਿਮਤੀ ਹੋਏ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ 17 ਅਕਤੂਬਰ ਜਾਂ 21 ਨਵੰਬਰ ਤੱਕ ਵਧਾਉਣ ਬਾਰੇ ਵਿਚਾਰ ਕੀਤਾ, ਪਰ ਬਾਅਦ ‘ਚ ਚੋਣਾਂ 17 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਸੰਸਦ ਭਲਕੇ ਮੁੜ ਗਠਿਤ ਹੋਵੇਗੀ। ਸੰਸਦ 6 ਸਤੰਬਰ ਦਿਨ ਐਤਵਾਰ ਨੂੰ ਭੰਗ ਹੋਵੇਗੀ, ਗਵਰਨਰ ਜਨਰਲ ਨੂੰ ਨਵੀਂ ਤਾਰੀਖ਼ ਦੀ ਸਲਾਹ ਦਿੱਤੀ ਗਈ ਹੈ। 13 ਸਤੰਬਰ ਨੂੰ ਰਿੱਟ ਡੇਅ ਹੋਵੇਗਾ, 18 ਸਤੰਬਰ ਨੂੰ ਨਾਮਜ਼ਦਗੀਆਂ ਬੰਦ ਹੋ ਜਾਣਗੀਆਂ, 3 ਅਕਤੂਬਰ ਨੂੰ ਐਡਵਾਂਸ ਵੋਟਿੰਗ ਸ਼ੁਰੂ ਹੋਵੇਗੀ, ਰਿੱਟ ਦੀ ਵਾਪਸੀ ਲਈ ਆਖ਼ਰੀ ਦਿਨ 12 ਨਵੰਬਰ ਹੈ ਅਤੇ 17 ਅਕਤੂਬਰ ਨੂੰ ਚੋਣਾਂ ਦਾ ਆਖਰੀ ਦਿਨ ਹੋਵੇਗਾ।
ਕਰੋਨਾ ਅੱਪਡੇਟ: ਅੱਜ ਕਰੋਨਾ ਦੇ 9 ਨਵੇਂ ਕੇਸਾਂ ਦਾ ਖੁਲਾਸਾ ਕੀਤਾ ਗਿਆ। ਇਹ ਸਾਰੇ ਹੀ ਕਮਿਊਨਿਟੀ ਦੇ ਵਿਚੋਂ ਫੈਲੇ ਹੋਏ ਹਨ। ਇਹ ਸਾਰੇ ਔਕਲੈਂਡ ਖੇਤਰ ਦੇ ਵਿਚ ਹਨ। 5 ਮਰੀਜ ਇਸ ਵੇਲੇ ਹਸਪਤਾਲ ਹਨ ਅਤੇ 36 ਨੂੰ ਕੁਆਰਨਟੀਨ ਕੀਤਾ ਗਿਆ ਹੈ। ਚਾਰ ਹੋਰਾਂ ਦੀ ਜਾਂਚ ਚੱਲ ਰਹੀ ਹੈ। ਕੁੱਲ ਕੇਸ ਹੁਣ 78 ਹੋ ਗਏ ਹਨ। ਜਿਨ੍ਹਾਂ ਵਿਚੋਂ 20 ਬਾਹਰੋ ਆਏ ਲੋਕਾਂ ਦੇ ਹਨ। ਕੱਲ੍ਹ 26 104 ਟੈਸਟ ਕੀਤੇ ਗਏ ਹਨ। ਸੋ ਪਿਛਲੇ ਹਫਤੇ ਦੇ ਵਿਚ ਹੁਣ ਤੱਕ 1 ਲੱਖ ਟੈਸਟ ਹੋ ਗਏ ਹਨ।