ਰੋਮ – ਯੂਰਪ ਦੇ ਪ੍ਰਸਿੱਧ ਦੇਸ਼ ਸਵਿਟਜ਼ਰਲੈਂਡ ਅਤੇ ਇਟਲੀ ਵਲੋਂ ਅੱਜ ਤੋਂ ਸਾਰੀਆਂ ਅੰਤਰ-ਸਰਹੱਦ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ, ਕਿਉਂਕਿ ਰੇਲ ਕਰਮਚਾਰੀਆਂ ਕੋਲ ਸੀ.ਓ.ਵੀ .ਕੋਰੋਨਾ ਵਾਇਰਸ ਸੁਰੱਖਿਆ ਜਾਂਚ ਕਰਨ ਦੀ ਸਮਰੱਥਾ ਨਹੀਂ ਹੈ|ਸਵਿਸ ਫੈਡਰਲ ਰੇਲਵੇ ਨੇ ਕਿਹਾ ਇਹ ਕਦਮ ਅਣਮਿਥੇ ਸਮੇਂ ਲਈ ਲਾਗੂ ਰਹੇਗਾ, ਜਿਸ ਨਾਲ ਬਹੁਤ ਸਾਰੇ ਕਾਮੇ ਜੋ ਰੋਜ਼ਾਨਾ ਉੱਤਰੀ ਇਟਲੀ ਤੋਂ ਸਵਿਟਜ਼ਰਲੈਂਡ ਤੱਕ ਦੀ ਸਰਹੱਦ ਪਾਰ ਕਰਕੇ ਕੰਮ ਤੇ ਜਾਂਦੇ ਹਨ ਉਨ੍ਹਾਂ ਨੂੰ ਇਹ ਰੇਲ ਸੇਵਾ ਬੰਦ ਹੋਣ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਪਵੇਗਾ|ਸਵਿਸ-ਫੈਡਰਲ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਸਵਿਸ-ਇਟਲੀ ਦੇ ਰਸਤੇ ਬੰਦ ਕਰਨ ਦੇ ਫੈਸਲੇ ਦਾ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਵੱਧ ਰਹੇ ਕੇਸ ਹਨ| ਉਹਨਾਂ ਕਿਹਾ ਕਿ ਸਵਿਸ ਫੈਡਰਲ ਦੀਆਂ ਰੇਲ ਗੱਡੀਆਂ ਹੁਣ ਸਿਰਫ ਇਟਲੀ ਦੇਸ਼ ਦੀ ਸਰਹੱਦ ਤੱਕ ਯਾਤਰਾ ਕਰਨਗੀਆਂ| ਫਿਲਹਾਲ ਇਹ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਹੋਣ ਨਾਲ ਜਿੱਥੇ ਆਮ ਯਾਤਰੀਆਂ ਤੇ ਅਸਰ ਪਵੇਗਾ ਉੱਥੇ ਇਸ ਦੇ ਨਾਲ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਵੀ ਧੱਕਾ ਲੱਗੇਗਾ|