ਅੰਮ੍ਰਿਤਸਰ, 14 ਅਗਸਤ, 2020 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਿਰ ਦੀ ਭੂਮੀ ਪੂਜਣ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੋਬਿੰਦ ਰਮਾਇਣ ਲਿਖੇ ਜਾਣ ਬਾਰੇ ਦਿੱਤੇ ਬਿਆਨ ਨੂੰ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਗੁੰਮਰਾਹਕੁੰਨ, ਬੇਬੁਨਿਆਦ, ਸਿੱਖ ਧਰਮ ਵਿੱਚ ਦੱਖਲਅੰਦਾਜੀ ਤੇ ਜਜਬਾਤਾਂ ਨੂੰ ਪੀੜਤ ਕਰਨ ਵਾਲਾ ਐਲਾਨਿਆ ਹੈ।
ਹਵਾਰਾ ਕਮੇਟੀ ਨੇ ਖਾਲਸਾ ਲੀਗ ਜਥੇਬੰਦੀ ਤੇ ਅਕਾਲ ਖਾਲਸਾ ਦੱਲ ਦੇ ਸਹਿਯੋਗ ਨਾਲ ਭੰਡਾਰੀ ਪੁਲ ‘ਤੇ ਇਸ ਵਿਰੁੱਧ ਸ਼ਾਤਮਈ ਰੋਸ਼ ਮੁਜ਼ਾਹਰਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਆਪਣਾ ਬਿਆਨ ਵਾਪਿਸ ਲੈਣ ਲਈ ਕਿਹਾ ਹੈ। ਰੋਸ ਦੌਰਾਨ ਗੁਰਬਾਣੀ ਦੀ ਪੰਕਤੀਆਂ ਜੋ ਸਿੱਖ ਧਰਮ ਨੂੰ ਸਿੰਧਾਤਕ ਤੌਰ ਤੇ ਵੱਖਰੀ ਪਹਿਚਾਣ ਦਿੰਦੀਆਂ ਹਨ ਦਾ, ਪਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਆਗੂਆ ਪ੍ਰੋਫੈਸਰ ਬਲਜਿੰਦਰ ਸਿੰਘ (ਹਵਾਰਾ ਕਮੇਟੀ ), ਅਮਰੀਕ ਸਿੰਘ ਬੱਲੋਵਾਲ (ਖਾਲਸਾ ਲੀਗ) ਅਤੇ ਮਹਾਬੀਰ ਸਿੰਘ ਸੁਲਤਾਨਵਿੰਡ (ਅਕਾਲ ਖਾਲਸਾ ਦਲ) ਨੇ ਕਿਹਾ ਕਿ ਭਾਰਤ ਵਿੱਚ ਅਨੇਕਾਂ ਕੌਮਾਂ ਹਨ। ਇਸ ਲਈ ਇਥੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਨਾਂ ਹੀ ਕਿਸੇ ਦੇ ਧਰਮ ਬਾਰੇ ਕੋਈ ਦੁਖਦਾਈ ਟਿੱਪਣੀ ਕਰਨੀ ਚਾਹੀਦੀ ਹੈ। ਸਿੱਖ ਇੱਕ ਵੱਖਰੀ ਕੌਮ ਹੈ ਇਸ ਦਾ ਆਪਣਾ ਨਿਆਰਾਪਨ, ਮਰਿਆਦਾ, ਰਹਿਣੀ ਬਹਿਣੀ, ਖਾਲਸਾ ਰਾਜ ਦਾ ਇਤਿਹਾਸ, ਸਿੰਧਾਤ, ਗ੍ਰੰਥ, ਸੰਸਥਾਵਾਂ ਆਦਿ ਹਨ। ਜਿਸ ਦੀ ਹਿਫਾਜ਼ਤ ਕਰਨੀ ਸਿੱਖਾਂ ਦਾ ਮੌਲਿਕ ਫਰਜ ਤੇ ਅਧਿਕਾਰ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੋ ਗੁਰੂ ਨਾਨਕ ਪਾਤਸ਼ਾਹ ਨੇ ਨਿਰਮਲ ਪੰਥ ਦੀ ਨੀਂਹ ਰੱਖਕੇ ਪੰਡਤ-ਮੁੱਲਾਂ ਦੋਵੇਂ ਛੱਡ ਦਿੱਤੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਵੱਲੋਂ ਦਿੱਤੇ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਵਿਆਹ ਵੀ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਨਾ ਕਰਕੇ ਮੂਲ ਮੰਤਰ ਦੇ ਫੇਰੇ ਲੈ ਕੇ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਕਾਲ ਪੁਰਖ ਨਾਲ ਲੋਕਾਈ ਨੂੰ ਜੋੜਨ ਲਈ ਮੁਸਲਮਾਨਾਂ ਅਤੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਕਈ ਯਾਤਰਾਂ ਕੀਤੀਆਂ ਪਰ ਕਿਧਰੇ ਵੀ ਉਨ੍ਹਾਂ ਨੇ ਮੁਸਲਿਮ ਪੀਰਾਂ, ਰਹਿਬਰਾਂ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਇਬਾਦਤ/ਪੂਜਾ ਨਹੀਂ ਕੀਤੀ ਉਹ ਤਾਂ ਕੇਵਲ ਇੱਕ ਨਿਰੰਕਾਰ ਦੇ ਉਪਾਸ਼ਕ ਸਨ। ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਦੀ ਸਾਜ਼ਿਸ਼ ਹੇਠ ਬਾਰ ਬਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਅਯੋਧਿਆ ਗਏ ਸੀ ਜਦਕਿ ਦੋਹਰੇ ਮਾਪਦੰਡ ਹੇਠ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਸਥਾਨ ਗੁਰਦੁਆਰਾ ਮੰਗੂ ਮੱਠ, ਗਿਆਨ ਗੋਦੜੀ, ਡਾਂਗ ਮਾਰ ਆਦਿ ਹੀ ਸਿੱਖ ਕੌਮ ਤੋਂ ਖੋਹ ਲਏ ਗਏ ਹਨ। ਪਾਕਿਸਤਾਨ ਵੱਲੋਂ ਦੂਜੀ ਵਾਰ 28 ਜੂਨ 2020 ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਬਾਵਜੂਦ ਵੀ ਗੁਰੂ ਨਾਨਕ ਸਾਹਿਬ ਦੇ ਹਿੱਤ ਪਾਲਣ ਦਾ ਅਡੰਬਰ ਕਰਨ ਵਾਲੀ ਭਾਜਪਾ ਵੱਲੋਂ ਹੁਣ ਤੱਕ ਲਾਂਘਾ ਨਹੀਂ ਖੋਲ੍ਹਿਆ ਗਿਆ। ਇਸ ਦੇ ਨਾਲ ਹੀ 550 ਸਾਲਾਂ ਗੁਰਪੁਰਬ ਤੇ ਸਜ਼ਾ ਪੂਰੀਅਾ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨ ਦੇ ਬਾਵਜੂਦ ਵੀ ਪਿੱਠ ਦਿਖਾ ਦਿੱਤੀ ਗਈ ਹੈ।
ਬਾਦਲਾਂ ਵੱਲੋਂ ਥਾਪੇ ਆਰ.ਐਸ.ਐਸ ਜਥੇਦਾਰ ਇਕਬਾਲ ਸਿੰਘ ਵੱਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਬੰਸਾਵਲੀ ਨਾਲ ਜੋੜਨ ਦੇ ਕੋਝੇ ਬਿਆਨ ਤੇ ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਆਪਣਾ ਮਾਨਸਿਕ ਸੰਤੁਲਨ ਗਵਾ ਚੁਕਿਆ ਹੈ ਤੇ ਸਿੱਖ ਕੌਮ ਦੇ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਨ੍ਹਾ ਕਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਆਰੰਭੇ ਨਿਰਮਲ ਪੰਥ ਦੀ ਲਗਾਤਾਰਤਾ ਵਿੱਚ ਸਾਰੀ ਬੰਸਾਵਲੀਆਂ ਦਾ ਅੰਤ ਹੋ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੇ ਖੰਡੇ ਬਾਟੇ ਦੀ ਪਾਹੁਲ ਲੈਣ ਬਾਅਦ ਕਿਰਤ, ਕਰਮ ਅਤੇ ਧਰਮ ਸਾਰੇ ਸਮਾਪਤ ਹੋ ਕੇ ਖ਼ਾਲਸਾ ਵਿੱਚ ਸਮੋਏ ਗਏ ਸਨ ਇਸ ਲਈ ਹੁਣ ਬੰਸਾਵਲੀ ਦਾ ਜ਼ਿਕਰ ਕਰਨਾ ਬੇਤੁਕਾ ਸਵਾਲ ਹੈ। ਇਕਬਾਲ ਸਿੰਘ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਇਹ ਉਹ ਆਪਣੀ ਜ਼ਬਾਨ ਤੇ ਜ਼ਾਬਤਾ ਰੱਖੇ ਤੇ ਸਿੱਖਾਂ ਨਾਲ ਨਾਂ ਟਕਰਾਏ। ਸਿੱਖ ਸੰਗਤਾਂ ਨੂੰ ਜਥੇਬੰਦੀਆਂ ਦੇ ਆਗੂਆ ਰਾਗੀ ਸੁਰਿੰਦਰ ਸਿੰਘ ਜੋਧਪੁਰੀ,ਸੁਖਰਾਜ ਸਿੰਘ ਵੇਰਕਾ, ਸਤਨਾਮ ਸਿੰਘ ਕਾਹਲੋਂ(ਜੋਧਪੁਰੀ)ਮਾਸਟਰ ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਨਵਦੀਪ ਸਿੰਘ ਬਾਜਵਾ, ਜਸਪਾਲ ਸਿੰਘ ਪੁਤਲੀਘਰ, ਨਵਦੀਪ ਸਿੰਘ, ਗੁਰਬਖਸ਼ ਸਿੰਘ ਬੱਗਾ,(ਭਾਈ ਘਨ੍ਹਈਆ ਸੁਸਾਇਟੀ)ਜਸਬੀਰ ਸਿੰਘ ਸੇਠੀ,ਗੁਰਸ਼ਰਨ ਸਿੰਘ ਸੋਹਲ, ਗੁਰਮੇਲ ਸਿੰਘ ਸ਼ੇਰਗਿੱਲ, ਸ਼ਰਨਜੀਤ ਸਿੰਘ,ਦਰਸ਼ਨ ਸਿੰਘ ਬਟਾਲਾ ਆਦਿ ਨੇ ਕਿਹਾ ਕਿ ਆਪਣੇ ਨਿਆਰੇਪਨ ਨੂੰ ਆਪਣੀ ਜਾਨ ਤੋਂ ਵੀ ਜਿਆਦਾ ਪਿਆਰ ਕਰਨ।