ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ| ਦੇਸ਼ ਦੇ ਕੇਂਦਰੀ ਬੈਂਕ ਆਰ ਬੀ ਆਈ ਨੇ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਉਸ ਨੂੰ 4 ਫ਼ੀਸਦੀ ਉੱਤੇ ਰੱਖਿਆ ਹੈ| ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ ਵੀ ਜਿਉਂ ਦਾ ਤਿਉਂ 3.35 ਫ਼ੀਸਦੀ ਰੱਖੀ ਗਈ ਹੈ| ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਆਰਬੀਆਈ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ| ਇਸ ਤੋਂ ਇਲਾਵਾ ਇਸ ਵਰ੍ਹੇ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਮਨਫ਼ੀ (-) 7.5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ|ਮੀਟਿੰਗ ਤੋਂ ਬਾਅਦ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਮੰਗ ਵਿੱਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ| ਦਿਹਾਤੀ ਮੰਗ ਵਿੱਚ ਸੁਧਾਰ ਨਾਲ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ, ਜਦ ਕਿ ਸ਼ਹਿਰੀ ਮੰਗ ਵੀ ਰਫ਼ਤਾਰ ਫੜ ਰਹੀ ਹੈ|ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਦੀ ਐਡਜਸਟਮੈਂਟ ਦਾ ਰੁਖ਼ ਤਦ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਦੋਂ ਤੱਕ ਘੱਟੋ-ਘੱਟ ਚਾਲੂ ਵਿੱਤੀ ਵਰ੍ਹੇ ਤੱਕ ਅਤੇ ਅਗਲੇ ਸਾਲ ਤੱਕ ਟਿਕਾਊ ਆਧਾਰ ਉੱਤੇ ਵਿਕਾਸ ਨੂੰ ਮੁੜ-ਸੁਰਜੀਤ ਨਾ ਕਰ ਲਿਆ ਜਾਵੇ ਅਤੇ ਮੁਦਰਾ ਸਫ਼ੀਤੀ ਦਾ ਟੀਚਾ ਨਿਸ਼ਚਤ ਕਰਦਿਆਂ ਕੋਵਿਡ-19 ਦਾ ਪ੍ਰਭਾਵ ਘੱਟ ਨਾ ਕਰ ਲਿਆ ਜਾਵੇ|