ਭਿੱਖੀਵਿੰਡ, 12 ਅਗਸਤ 2020 – ਪੰਜਾਬ ਸਰਕਾਰ ਵੱਲੋਂ ਸਰਹੱਦੀ ਪਿੰਡਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲਿਸ ਜ਼ਿਲ੍ਹਾ ਤਰਨਤਾਰਨ ਵਿਖੇ ਤੈਨਾਤ ਕੀਤੇ ਜਾਂਦੇ ਐੱਸਐੱਸਪੀ ਵੱਲੋਂ ਅਹੁਦਾ ਸੰਭਾਲਣ ਉਪਰੰਤ ਪੂਰੇ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਦੇ ਨਾਲ ਪੁਲਿਸ ਥਾਣਿਆਂ ਦੇ ਮੁਖੀਆਂ ਤੇ ਸਰਹੱਦ ‘ਤੇ ਤੈਨਾਤ ਬੀਐਸਐਫ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਰਿਹਾ। ਵੇਖਣਯੋਗ ਹੈ ਕਿ ਬੇਸ਼ੱਕ ਪਿਛਲੇ ਦਿਨਾਂ ਵਿੱਚ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਧਰੁਵ ਦਹੀਆ ਦਾ ਤਬਾਦਲਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ, ਪਰ ਮਹਾਂਮਾਰੀ ਦੌਰਾਨ ਸਰਹੱਦੀ ਕਸਬਿਆਂ ਤੇ ਪਿੰਡਾਂ ਵਿੱਚ ਹਰ ਰੋਜ਼ ਕੀਤੇ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।
ਵੇਖਣਯੋਗ ਹੈ ਕਿ ਧਰੁਵ ਦਹੀਆਂ ਦੀ ਚੰਗੀ ਕਾਰਜਗਾਰੀ ਦੇ ਕਾਰਨ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਹਰ ਵਕਤ ਤਿਆਰ ਦਿਖਾਈ ਦਿੰਦੇ ਸਨ ਕਿਉਂਕਿ ਉਨ੍ਹਾਂ ਦਾ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਪਾਸੇ ਹੂਟਰ ਮਾਰਦੀ ਗੱਡੀ ਨਿਕਲ ਆਉਂਣੀ ਤੇ ਕਿਹੜੇ ਪੁਲਿਸ ਥਾਣਾ ਮੁਖੀ ਦਾ ਮੌਕੇ ‘ਤੇ ਤਬਾਦਲਾ ਹੋ ਜਾਣਾ।
ਉਨ੍ਹਾਂ ਦੀ ਵਧੀਆ ਕਾਰਜਗਾਰੀ ਨੂੰ ਵੇਖਦਿਆਂ ਫਲੈਗ ਮਾਰਚ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਤੇ ਸਮਾਜਸੇਵੀ ਲੋਕਾਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਹੌਸਲਾ ਹਫਜਾਈ ਕੀਤੇ ਜਾਣ ਤੇ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ। ਦੱਸਣਯੋਗ ਹੈ ਕਿ ਤਰਨ ਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਦੇ ਮੂੰਹ ਵਿਚ ਗਏ ਵੱਡੀ ਤਦਾਦ ਲੋਕਾਂ ਦੇ ਕਾਰਨ ਨਵੇਂ ਆਏ ਐਸਐਸਪੀ ਧਰੁਮਨ ਐਚ ਨਿੰਬਲੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਆਏ ਐੱਸਐੱਸਪੀ ਦੇ ਦਰਸ਼ਨ ਕਰਨ ਲਈ ਸਰਹੱਦੀ ਲੋਕ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਬੇਸਬਰੀ ਨਾਲ ਇਸ ਲਈ ਇੰਤਜ਼ਾਰ ਕਰ ਰਹੇ ਹਨ।
ਉੱਚ ਡਿਗਰੀਆਂ ਵਾਲੇ ਅਫਸਰ ਬਣੇ ਮਾੜੇ ਨਹੀਂ ਹੁੰਦੇ :- ਕੇਹਰ ਸਿੰਘ ਮੁਗਲਚੱਕ
ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾਬਕਾ ਐੱਸਪੀ ਕੇਹਰ ਸਿੰਘ ਮੁਗਲਚੱਕ ਨੇ ਪੁਲਿਸ ਜ਼ਿਲ੍ਹਾ ਤਰਨ ਤਾਰਨ ਤੋਂ ਬਦਲ ਚੁੱਕੇ ਧਰੁਵ ਦਹੀਆ ਦੇ ਉਸਾਰੂ ਕੰਮਾਂ ਦੀ ਸ਼ਲਾਘਾ ਕਰਦਿਆਂ ਬੁੱਧੀਮਾਨ ਆਫੀਸਰ ਦੱਸਿਆ। ਮੁਗਲਚੱਕ ਨੇ ਕਿਹਾ ਕੇ ਉੱਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਅਫਸਰ ਕਦੇ ਵੀ ਮਾੜੇ ਨਹੀਂ ਹੁੰਦੇ, ਸਾਡੇ ਸਿਆਸੀ ਲੋਕ ਚੰਗੇ ਅਫਸਰਾਂ ਨੂੰ ਮਾੜੇ ਕੰਮ ਕਰਨ ਲਈ ਮਜਬੂਰ ਕਰਦੇ ਹਨ। ਉਨ੍ਹਾਂ ਨੇ ਨਵ-ਨਿਯੁਕਤ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਦਾ ਸਵਾਗਤ ਤੇ ਬਦਲ ਚੁੱਕੇ ਐਸਐਸਪੀ ਧਰੁਵ ਦਹੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਲੋਕ ਖੁਦ ਚੰਗੇ ਬਣ ਜਾਣ ਤਾਂ ਅਫਸਰ ਵੀ ਚੰਗੇ ਕੰਮ ਕਰ ਸਕਦੇ ਹਨ।
ਤੀਖਣ ਬੁੱਧੀ ਦੇ ਮਾਲਕ ਬਣਦੇ ਆਈਪੀਐੱਸ ਅਫ਼ਸਰ:- ਗੁਲਸ਼ਨ ਅਲਗੋਂ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਨਵਨਿਯੁਕਤ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਆਗੂ ਗੁਲਸ਼ਨ ਅਲਗੋਂ ਨੇ ਕਿਹਾ ਕਿ ਜਿਸ ਤਰ੍ਹਾਂ ਐੱਸਐੱਸਪੀ ਧਰੁਵ ਦਹੀਆ ਵੱਲੋਂ ਕੋਰੋਨਾ ਮਹਾਂਮਾਰੀ ਨੇ ਦਿਨਾਂ ਅੰਦਰ ਵਧੀਆ ਕੰਮ ਕਰਕੇ ਇਲਾਕੇ ਦੇ ਲੋਕਾਂ ਤੋਂ ਮਾਣ ਪ੍ਰਾਪਤ ਕੀਤਾ, ਉਸ ਤਰ੍ਹਾਂ ਹੀ ਐੱਸਐੱਸਪੀ ਧਰੁਮਨ ਨਿੰਬਲੇ ਸਰਹੱਦੀ ਲੋਕਾਂ ਦੀ ਸਾਰ ਲੈ ਕੇ ਮਾਣ ਸਨਮਾਨ ਹਾਸਿਲ ਕਰਨਗੇ। ਗੁਲਸ਼ਨ ਅਲਗੋਂ ਨੇ ਨਵੇਂ ਐਸਐਸਪੀ ਧਰੁਮਨ ਨਿੰਬਲੇ ਦਾ ਵਿਸ਼ੇਸ਼ ਧਿਆਨ ਸਰਹੱਦੀ ਪਿੰਡਾਂ ਦੇ ਲੋਕਾਂ ਵੱਲ ਦੁਆਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਚੁਸਤ ਫੁਰਤ ਕਰਨ ਲਈ ਆਖਿਆ ਤਾਂ ਜੋ ਸ਼ਰਾਰਤੀ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਈ ਜਾ ਸਕੇ।