ਸਰੀ, 12 ਅਗਸਤ 2020 – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦਿਆਂ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਪੰਜਾਬੀ ਦੇ ਪ੍ਰਸਿੱਧ ਬਹੁਪੱਖੀ ਸਾਹਿਤਕਾਰ ਰਵਿੰਦਰ ਰਵੀ ਦੀ ਹਾਜਰੀ ਵਰਨਣਯੋਗ ਰਹੀ।
ਕਵੀ ਦਰਬਾਰ ਦੇ ਆਰੰਭ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਗ਼ਜ਼ਲਗੋ ਹਰਭਜਨ ਸਿੰਘ ਬੈਂਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਹਰਚੰਦ ਸਿੰਘ ਗਿੱਲ, ਹਰਬੰਸ ਕੌਰ ਬੈਂਸ, ਹਰਸ਼ਰਨ ਕੌਰ, ਪ੍ਰਿਤਪਾਲ ਗਿੱਲ, ਰਵਿੰਦਰ ਰਵੀ, ਹਰਦਿਆਲ ਸਿੰਘ ਚੀਮਾ (ਸਿਆਟਲ), ਰੂਪਿੰਦਰ ਖਹਿਰਾ ਰੂਪੀ, ਦਰਸ਼ਨ ਸਿੰਘ ਸੰਘਾ, ਸਾਧੂ ਸਿੰਘ ਝੱਜ (ਸਿਆਟਲ), ਹਰਦਮ ਸਿੰਘ ਮਾਨ, ਸੁਰਿੰਦਰ ਪਾਲ ਕੌਰ ਬਰਾੜ, ਅਮਰੀਕ ਸਿੰਘ ਲੇਲ੍ਹ, ਪਰਮਿੰਦਰ ਸਵੈਚ, ਇੰਦਰਜੀਤ ਸਿੰਘ ਧਾਮੀ, ਬਰਜਿੰਦਰ ਢਿੱਲੋਂ, ਰਾਜਵੰਤ ਰਾਜ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ ਰੰਧਾਵਾ ਅਤੇ ਬਲਿਹਾਰ ਸਿੰਘ ਲਹਿਲ (ਸਿਆਟਲ) ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਰਵਿੰਦਰ ਰਵੀ ਨੇ ਸਭਾ ਵੱਲੋਂ ਆਪਣਾ ਦਾਇਰਾ ਵਧਾਉਣ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਅਗਲੀ ਮੀਟਿੰਗ ਵਿਚ ਕੈਲਗਰੀ, ਟੋਰਾਂਟੋ ਆਦਿ ਤੋਂ ਵੀ ਸਾਹਿਤਕਾਰਾਂ ਨੂੰ ਸਭਾ ਨਾਲ ਜੋੜਿਆ ਜਾਵੇ। ਅੰਤ ਵਿੱਚ ਪ੍ਰਿਤਪਾਲ ਗਿੱਲ ਨੇ ਪ੍ਰਧਾਨਗੀ ਸ਼ਬਦਾਂ ਰਾਹੀਂ ਸਭ ਦਾ ਧੰਨਵਾਦ ਕੀਤਾ। ਕਵੀ ਦਰਬਾਰ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।