ਸ੍ਰੀ ਮੁਕਤਸਰ ਸਾਹਿਬ, 9 ਅਗਸਤ 2020 – ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਸਕੂਲ ਦੀ ਮਨਮਾਨੀ ਦਾ ਮਸਲਾ ਮੁੱਖ ਮੰਤਰੀ ਦਰਬਾਰ ਵਿੱਚ ਪਹੁੰਚ ਗਿਆ, ਜਿਸ ਤੋਂ ਬਾਅਦ ਫੇਸਬੁੱਕ ਜ਼ਰੀਏ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ‘ਆਸਕ ਦ ਕੈਪਟਨ’ ਲਾਈਵ ਪ੍ਰੋਗਰਾਮ ਜ਼ਰੀਏ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਔਰਤ ਨੇ ਉਕਤ ਪ੍ਰੋਗਰਾਮ ’ਚ ਸ਼ਹਿਰ ਦੇ ਨਿੱਜੀ ਸਕੂਲ ਦੀ ਸ਼ਿਕਾਇਤ ਕੀਤੀ ਸੀ, ਜਿਸ ਉਪਰੰਤ ਮੁੱਖ ਮੰਤਰੀ ਕੈਪਟਨ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਐਕਸ਼ਨ ਲੈਣ ਲਈ ਕਿਹਾ। ਕੋਰੋਨਾ ਕਾਲ ਦੌਰਾਨ ਸੂਬੇ ਭਰ ਦੇ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰ ਇਹ ਮਨਮਾਨੀਆਂ ਕਿਸ ਕਦਰ ਵਧ ਗਈਆਂ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਹੁਣ ਮਾਪੇ ਸ਼ਿਕਾਇਤ ਲੈ ਮੁੱਖ ਮੰਤਰੀ ਦਰਬਾਰ ਪਹੁੰਚਣ ਲੱਗੇ ਹਨ।
ਸ੍ਰੀ ਮੁਕਤਸਰ ਸਾਹਿਬ ਦੀ ਅਨੂ ਬਾਲਾ ਜਿਸਦੇ ਦੋਵੇਂ ਬੱਚੇ ਸ੍ਰੀ ਮੁਕਤਸਰ ਸਾਹਿਬ ਦੇ ਡੀਏਵੀ ਪਬਲਿਕ ਸਕੂਲ ਵਿੱਚ ਪੜ੍ਹਦੇ ਹਨ, ਨੇ ਮੁੱਖ ਮੰਤਰੀ ਨੂੰ ‘ਆਸਕ ਦ ਕੈਪਟਨ’ ਲਾਈਵ ਪ੍ਰੋਗਰਾਮ ਵਿੱਚ ਸ਼ਿਕਾਇਤ ਕੀਤੀ ਕਿ ਬੱਚਿਆਂ ਨੇ ਆਨਲਾਈਨ ਪੜ੍ਹਾਈ ਉਪਰੰਤ ਜੋ ਸਕੂਲੀ ਕੰਮ ਕਾਪੀਆਂ ’ਤੇ ਕੀਤਾ ਸੀ, ਸਕੂਲ ਨੇ ਉਹ ਕਾਪੀਆਂ ਸਕੂਲ ਚੈੱਕ ਕਰਨ ਲਈ ਮੰਗਵਾ ਲਈਆਂ, ਪਰ ਕਰੀਬ ਇੱਕ ਮਹੀਨੇ ਬਾਅਦ ਵੀ ਉਨ੍ਹਾਂ ਬੱਚਿਆਂ ਦੀਆਂ ਕਾਪੀਆਂ ਵਾਪਿਸ ਨਹੀਂ ਕੀਤੀਆਂ ਜਾ ਰਹੀਆਂ, ਜਿੰਨ੍ਹਾਂ ਨੇ ਫੀਸ ਨਹੀਂ ਭਰੀ ਸੀ। ਸ਼ਿਕਾਇਤ ਕਰਤਾ ਅਨੁਸਾਰ ਇਹ ਉਸਦੀ ਇਕੱਲੀ ਦੀ ਸ਼ਿਕਾਇਤ ਨਹੀਂ, ਸਗੋਂ ਉਨ੍ਹਾਂ ਕਈ ਮਾਪਿਆਂ ਦੀ ਸ਼ਿਕਾਇਤ ਸੀ ਜੋ ਲਾਕਡਾਊਨ ਕਾਰਨ ਫੀਸ ਨਹੀਂ ਭਰ ਸਕੇ ਹਨ।
ਉਸਦੇ ਪਤੀ ਜੋ ਕਿ ਪੈਰੇਂਟਸ ਐਸੋਸ਼ੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਆਗੂ ਵੀ ਹਨ, ਨੇ ਸਕੂਲ ਨਾਲ ਸੰਪਰਕ ਵੀ ਕੀਤਾ ਸੀ, ਪਰ ਸਕੂਲ ਨੇ ਫਿਰ ਵੀ ਕਾਪੀਆਂ ਵਾਪਿਸ ਨਹੀਂ ਕੀਤੀਆਂ, ਜਿਸ ਉਪਰੰਤ ਉਸਨੂੰ ਇਹ ਸ਼ਿਕਾਇਤ ਮੁੱਖ ਮੰਤਰੀ ਨੂੰ ਕਰਨੀ ਪਈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਐਮਕੇ ਅਰਵਿੰਦ ਕੁਮਾਰ ਨੂੰ ਜਲਦ ਜਾਂਚ ਕਰਨ ਲਈ ਕਿਹਾ ਸੀ, ਜਿਸ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਸਕੂਲ ਪਿ੍ਰੰਸੀਪਲ ਪੀਐਸ ਸਾਹਨੀ ਵੱਲੋਂ ਇਹ ਤਾਂ ਮੰਨਿਆ ਜਾ ਰਿਹਾ ਕਿ ਉਨ੍ਹਾਂ ਕਾਪੀਆਂ ਤਾਂ ਮੰਗਵਾਈਆਂ ਸਨ, ਪਰ ਉਨ੍ਹਾਂ ਫੀਸ ਕਾਰਨ ਕਾਪੀਆਂ ਨਹੀਂ ਰੱਖੀਆਂ। ਪ੍ਰਿੰਸੀਪਲ ਨੇ ਕਿਹਾ ਕਿ ਨਾ ਹੀ ਕੋਈ ਔਰਤ ਇਸ ਤਰ੍ਹਾਂ ਉਨ੍ਹਾਂ ਕੋਲ ਕਾਪੀਆਂ ਲੈਣ ਆਈ, ਜਿਸਨੂੰ ਉਨ੍ਹਾਂ ਇਨਕਾਰ ਕੀਤਾ ਹੋਵੇ।
ਦੂਜੇ ਪਾਸੇ ਜਾਂਚ ਕਰ ਰਹੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾ ਸ਼ਿਕਾਇਤਕਰਤਾ ਨੂੰ ਟ੍ਰੇਸ ਕਰਨ ਵਿੱਚ ਥੋੜ੍ਹੀ ਸਮੱਸਿਆ ਆਈ, ਕਿਉਂਕਿ ਪ੍ਰੋਗਰਾਮ ਵਿੱਚ ਅਨੂ ਬਾਲਾ ਨੂੰ ਵਿਦਿਆਰਥਣ ਕਿਹਾ ਗਿਆ, ਜਦਕਿ ਉਹ ਦੋ ਵਿਦਿਆਰਥੀਆਂ ਦੀ ਮਾਂ ਹੈ, ਪਰ ਹੁਣ ਜਾਂਚ ਕੀਤੀ ਜਾ ਰਹੀ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਕੂਲ ਇਸ ਤਰ੍ਹਾਂ ਕਾਪੀਆਂ ਮੰਗਵਾ ਹੀ ਨਹੀਂ ਸੀ ਸਕਦਾ, ਜਾਂਚ ਰਿਪੋਰਟ ਜਲਦ ਭੇਜ ਦਿੱਤੀ ਜਾਵੇਗੀ। ਭਾਵੇ ਸਕੂਲ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਉਨ੍ਹਾਂ ਫੀਸ ਕਾਰਨ ਕਾਪੀਆਂ ਨਹੀਂ ਸੀ ਰੱਖੀਆਂ, ਪਰ ਦੂਜੇ ਪਾਸੇ ਮੁੱਖ ਮੰਤਰੀ ਤੱਕ ਸ਼ਿਕਾਇਤ ਪਹੁੰਚਣ ਉਪਰੰਤ ਸਬੰਧਿਤ ਸਕੂਲ ਨੇ ਇਕ ਸੰਦੇਸ਼ ਪੱਤਰ ਜਾਰੀ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਾਪੀਆਂ ਲਿਜਾਣ ਲਈ ਕਿਹਾ, ਜਿੰਨ੍ਹਾਂ ਦੀਆਂ ਕਾਪੀਆਂ ਸਕੂਲ ’ਚ ਪਈਆਂ ਹਨ। ਸਕੂਲ ਵੱਲੋਂ ਇਹ ਪੱਤਰ ਜਾਰੀ ਹੋਣ ’ਤੇ ਸ਼ਿਕਾਇਤਕਰਤਾ ਅਨੂ ਬਾਲਾ ਅਤੇ ਉਸਦੇ ਬੇਟੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।