ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਰੀਕੇ ਝੀਲ ਅਤੇ ਜੰਗਲੀ ਜੀਵ ਸੈਂਚਰੀ ਹਰੀਕੇ ਦਾ ਕੀਤਾ ਦੌਰਾ
ਚੰਡੀਗੜ – ਹਰੀਕੇ ਜੰਗਲੀ ਜੀਵ ਸੈਂਚਰੀ ਵਿਖੇ ਸੈਲਾਨੀ ਹੁਣ ਮੁੜ ਤੋਂ ਵਿਜ਼ਟ ਕਰ ਸਕਦੇ ਹਨ। ਇਹ ਜਾਣਕਾਰੀ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਹਰੀਕੇ ਪੱਤਨ ਵਿਖੇ ਸਥਿਤ ਹਰੀਕੇ ਜੰਗਲੀ ਜੀਵ ਸੈਂਚਰੀ ਦਾ ਦੌਰਾ ਕਰਨ ਦੌਰਾਨ ਦਿੱਤੀ। ਕੈਬਨਿਟ ਮੰਤਰੀ ਨੇ ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ, ਆਰ.ਕੇ. ਮਿਸ਼ਰਾ (ਆਈ.ਐਫ.ਐਸ.) ਨਾਲ ਹਰੀਕੇ ਪੱਤਨ ਦੇ ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਵਕੀਲ ਅਤੇ ਨੇਚਰ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੇ ਹਰੀਕੇ ਵੈਟਲੈਂਡ ਦੀ ਕੁਦਰਤੀ ਦਿੱਖ ਨੂੰ ਦਰਸਾਉਂਦੇ ਪੋਰਟਰੇਟ ਵੀ ਲਾਂਚ ਕੀਤੇ। ਇਸ ਮੌਕੇ ਉਨਾਂ ਨਾਲ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਪੋਰਟਰੇਟ ਵਿਚ ਹਰੀਕੇ ਪੱਤਨ ਦੀ ਕੁਦਰਤੀ ਦਿੱਖ ਨੂੰ ਖੂਬਸੂਬਤ ਢੰਗ ਨਾਲ ਦਰਸਾਇਆ ਗਿਆ ਹੈ, ਜੋ ਕਿ ਪਰਵਾਸੀ ਪੰਛੀਆਂ ਦੇ ਰਹਿਣ ਬਸੇਰੇ ਅਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਨਾਲ ਬਣੀ ਕੁਦਰਤੀ ਝੀਲ ਵਜੋਂ ਮਸ਼ਹੂਰ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਸੈਂਚਰੀ ਨੂੰ ਹੋਰ ਵੀ ਆਕਰਸ਼ਤ ਬਣਾਉਣ ਲਈ ਪਹਿਲਾਂ 15 ਕਰੋੜ ਰੁਪਏ ਦੀ ਰਾਸ਼ੀ ਜੋ ਕੋਵਿਡ-19 ਸੰਕਟ ਕਾਰਨ ਜਾਰੀ ਨਹੀਂ ਕੀਤੀ ਜਾ ਸਕੀ ਸੀ ਇਸ ਨੂੰ ਜਲਦ ਜਾਰੀ ਕੀਤਾ ਜਾਵੇਗਾ।ਉਨਾਂ ਅੱਗੇ ਕਿਹਾ ਕਿ ਇਨਾਂ ਯਤਨਾਂ ਦੇ ਹਿੱਸੇ ਵਜੋਂ ਹਰੀਕੇ ਪੱਤਣ ਵਿਖੇ ਜੰਗਲੀ ਜੀਵ ਸੁਰੱਖਿਆ ਵਿੱਚ ਵਾਧੇ ਲਈ ਇੱਕ ਕਮੇਟੀ ਵੀ ਬਣਾਈ ਜਾਵੇਗੀ।ਜੰਗਲਾਤ ਮੰਤਰੀ, ਪੰਜਾਬ ਨੇ ਇਸ ਪੋਰਟਰੇਟ ਨੂੰ ਲਾਂਚ ਕਰਦਿਆਂ ਵਕੀਲ ਹਰਪ੍ਰੀਤ ਸੰਧੂ ਵੱਲੋਂ ਹਰੀਕੇ ਵੈੱਟਲੈਂਡ ਦੀ ਕੁਦਰਤੀ ਦਿੱਖ ’ਤੇ ਝਾਤ ਪਵਾਉਣ ਲਈ ਤਾਲਾਬੰਦੀ ਦੌਰਾਨ ਕੀਤੇ ਉਨਾਂ ਦੇ ਸਖ਼ਤ ਯਤਨਾਂ ਨੂੰ ਮਾਨਤਾ ਦਿੱਤੀ।ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਪੰਜਾਬ ਦਾ ਇਹ ਮਸ਼ਹੂਰ ਕੁਦਰਤੀ ਸਥਾਨ ਆਪਣੇ ਆਪ ਵਿੱਚ ਇੱਕ ਸਵਰਗ ਹੈ ਅਤੇ ਆਪਣੀ ਬਨਸਪਤੀ ਅਤੇ ਪ੍ਰਵਾਸੀ ਪੰਛੀਆਂ ਲਈ ਜਾਣਿਆ ਜਾਂਦਾ ਹੈ, ਜੋ ਜੰਗਲੀ ਜੀਵ ਸੈਂਚਰੀ ਹਰੀਕੇ ਵਿੱਚ ਕੁਦਰਤੀ ਝੀਲ ਨਾਲ ਘਿਰਿਆ ਹੋਇਆ ਹੈ ਅਤੇ ਜੇ ਇਸ ਸਥਾਨ ਨੂੰ ਸੈਲਾਨੀਆਂ ਲਈ ਖੋਲਿਆਂ ਜਾਂਦਾ ਹੈ ਤਾਂ ਇਸ ਵੈੱਟਲੈਂਡ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਨ ਲਈ ਵਿਸ਼ਵ ਭਰ ਤੋਂ ਸੈਲਾਨੀ ਇੱਥੇ ਆਉਣਗੇ।