ਚੰਡੀਗੜ੍ਹ, 9 ਅਗਸਤ 2020: ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਤਜਵੀਜ਼ ਕਿ ਕੋਰੋਨਾ ਮਹਾਂਮਾਰੀ ਸਮੇਤ ਆਮ ਹਾਲਾਤ ਵਿੱਚ ਵੀ ਗਊ ਧਨ ਦੀ ਸੇਵਾ ਸੰਭਾਲ ਕਰਨ ਵਾਲੇ ਵਿਅਕਤੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਨਮਾਨ ਕੀਤਾ ਜਾਵੇ, ਨੂੰ ਪੰਜਾਬ ਸਰਕਾਰ ਨੇ ਮੰਨ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਪੰਜਾਬ ਸਰਕਾਰ ਦੇ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਪੰਜਾਬ ਸਰਕਾਰ ਦੇ ਆਦੇਸ਼ਾ ਵਿੱਚ ਕਿਹਾ ਗਿਆ ਹੈ ਕਿ 15 ਅਗਸਤ ਸੁਤੰਤਰਤਾ ਦਿਵਸ, 26 ਜਨਵਰੀ ਗਣਤਤੰਰ ਦਿਵਸ ਅਤੇ ਹੋਰ ਮੌਕਿਆਂ ਵੇਲੇ ਗਊ ਧੰਨ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਚੇਅਰਮੈਨ ਨੇ ਦੱਸਿਆ ਕਿ ਜਿਹੜੇ ਵਿਅਕਤੀ ਜਾਂ ਸੰਸਥਾਵਾਂ ਗਊਧਨ ਦੀ ਸੇਵਾ ਸੰਭਾਲ, ਭਲਾਈ, ਸੁਰੱਖਿਆ, ਰੱਖ-ਰਖਾਓ ਤੇ ਵਿਸ਼ੇਸ਼ ਕਰਕੇ ਬੇਸਹਾਰਾ ਗਉਧਨ ਤੇ ਬਿਮਾਰ-ਫੱਟੜ ਗਊਆਂ ਦੀ ਲੰਮੇ ਸਮੇਂ ਤੋਂ ਸੰਭਾਲ ਕਰਨ ਸਮੇਤ ਕਰੋਨਾ ਮਹਾਮਾਰੀ ਦੌਰਾਨ ਵੀ ਇਹਨਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖ ਰਹੇ ਹਨ, ਅਜਿਹੀਆਂ ਸਮਾਜਿਕ-ਧਾਰਮਿਕ ਜਥੇਬੰਦੀਆ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਤਜਵੀਜ ਅਤੇ ਸੁਝਾਓ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ ਨੂੰ ਭੇਜੇ ਗਏ ਸਨ, ਉਹਨਾ ਨੇ ਇਸ ਨੂੰ ਪ੍ਰਵਾਨ ਕਰਦਿਆਂ ਸੂਬੇ ਦੇ ਸਮੂਹ ਡਿਪਟੀ-ਕਮਿਸ਼ਨਰਾਂ ਨੂੰ ਜਿਲਾ ਅਤੇ ਤਹਿਸੀਲ ਪੱਧਰ ‘ਤੇ ਸੰਸਥਾਵਾ ਦੀ ਹੌਂਸਲਾ ਅਫ਼ਜਾਈ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹਨਾ ਸੰਸਥਾਂਵਾਂ ਵਿੱਚ ਵਿਸ਼ੇਸ ਤੌਰ ‘ਤੇ ਉਹਨਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਸਮਾਂ ਰਹਿੰਦਿਆਂ ਗਊਧਨ ਦੀ ਤਸਕਰੀ ਨੂੰ ਰੋਕਣ ਲਈ ਗਊ ਹੱਤਿਆ ਸਬੰਧੀ ਸਮੇਂ ਸਿਰ ਪੁਲਿਸ ਨੂੰ ਇਤਲਾਹ ਦੇ ਕੇ ਮੰਦਭਾਗੀ ਘਟਨਾਂਵਾਂ ਨੂੰ ਠੱਲ ਪਾਉਣ ਲਈ ਸ਼ਲਾਘਾਯੋਗ ਉਪਰਾਲਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਸੰਸਥਾਵਾ/ਵਿਅਕਤੀ ਵੀ ਇਸ ਨੇਕ ਕੰਮ ਲਈ ਅੱਗੇ ਆਉਣਗੇ ਜਿਸ ਨਾਲ ਰਾਜ ਸਰਕਾਰ ਵੱਲੋਂ ਗਊਧਨ ਦੀ ਸੁਰੱਖਿਆ ਅਤੇ ਬੇਸਹਾਰਾ ਗਊਧਨ ਦੀ ਸਮੱਸਿਆ ਦੇ ਹੱਲ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਹੁਲਾਰਾ ਮਿਲ ਸਕੇਗਾ