ਚੰਡੀਗੜ੍ਹ, 9 ਅਗਸਤ 2020: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ 76,381 ਵਲੰਟੀਅਰ ਹਰ ਪੰਦਰਵਾੜੇ ‘ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਅ ਦੇ ਇਹਤਿਆਤੀ ਕਦਮਾਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਮੁਹਿੰਮ ਦੌਰਾਨ ਪਿਛਲੇ ਦਿਨੀਂ ਇਨ੍ਹਾਂ ਵਲੰਟੀਅਰਾਂ ਨੇ ਸੂਬੇ ਦੇ 5503 ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਵਿਭਾਗ ਦੇ ਸਮੂਹ ਜ਼ਿਲ੍ਹਾ ਦਫ਼ਤਰਾਂ, ਐਨ.ਐਸ.ਐਸ. ਯੂਨਿਟਾਂ, ਰੈੱਡ ਰੀਬਨ ਕਲੱਬਾਂ, ਕਾਲਜਾਂ/ਸਕੂਲਾਂ ਦੇ ਯੂਥ ਕਲੱਬਾਂ ਅਤੇ ਵਿਭਾਗ ਨਾਲ ਜੁੜੇ ਪੇਂਡੂ ਯੂਥ ਕਲੱਬਾਂ ਵੱਲੋਂ ਮਿਸਾਲੀ ਯੋਗਦਾਨ ਪਾਇਆ ਜਾ ਰਿਹਾ ਹੈ। ਵਿਭਾਗ ਨਾਲ ਜੁੜੇ ਸੂਬੇ ਦੀਆਂ 18 ਯੂਨੀਵਰਸਿਟੀਆਂ, 642 ਕਾਲਜਾਂ ਅਤੇ 572 ਸੀਨੀਅਰ ਸੈਕੰਡਰੀ ਸਕੂਲਾਂ ਦੇ 1585 ਐਨ.ਐਸ.ਐਸ. ਯੂਨਿਟਾਂ, ਕਾਲਜਾਂ ਦੇ 600 ਰੈੱਡ ਰੀਬਨ ਕਲੱਬਾਂ, 100 ਕਾਲਜਾਂ/ਸਕੂਲਾਂ ਦੇ ਯੂਥ ਕਲੱਬਾਂ ਅਤੇ 13,857 ਪੇਂਡੂ ਯੂਥ ਕਲੱਬਾਂ ਦੇ ਵਲੰਟੀਅਰ ਹਰ ਪੰਦਰਵਾੜੇ ‘ਤੇ ਘਰ-ਘਰ ਜਨ ਸੰਪਰਕ ਪ੍ਰੋਗਰਾਮ ਚਲਾ ਕੇ ਮੁਕਾਮੀ ਬਾਸ਼ਿੰਦਿਆਂ ਨੂੰ ਜਾਗਰੂਕ ਕਰ ਰਹੇ ਹਨ।