ਮੋਰਿੰਡਾ/ਰੂਪਨਗਰ, 04 ਅਗਸਤ 2020: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ। ਜਿਹੜੀ ਕੋਰੋਨਾ ਕਾਲ ਵਿੱਚ ਆਰਥਿਕ ਸਥਿਤੀ ਅਨੁਕੂਲ ਨਾ ਹੋਣ ਅਤੇ ਕੇਂਦਰ ਵੱਲੋਂ ਸੂਬਿਆਂ ਨੂੰ ਜੀਐਸਟੀ ਦਾ ਮੁਆਵਜ਼ਾ ਦੇਣ ਚ ਦੇਰੀ ਕਰਨ ਦੇ ਬਾਵਜੂਦ ਲੋਕ ਹਿੱਤ ਵਿੱਚ ਕੰਮ ਜਾਰੀ ਰੱਖੇ ਹੋਏ ਹੈ। ਐੱਮ.ਪੀ ਤਿਵਾੜੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਿੰਡ ਬਡਵਾਲੀ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਪੱਥਰ ਰੱਖਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਐੱਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਬੀਤੇ 4 ਮਹੀਨਿਆਂ ਚ ਦੁਨੀਆਂ ਦੀ ਹਰ ਗਤੀਵਿਧੀ ਥੰਮ ਗਈ ਸੀ, ਜਿਸਦਾ ਅਸਰ ਸੂਬਿਆਂ ਅਤੇ ਕੇਂਦਰ ਦੀਆਂ ਅਰਥ-ਵਿਵਸਥਾ ਤੇ ਵੀ ਪਿਆ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਸੂਬਿਆਂ ਦਾ ਜੀਐਸਟੀ ਚ ਮੁਆਵਜ਼ਾ ਰੋਕੀ ਬੈਠੀ ਹੈ। ਜਿਨ੍ਹਾਂ ਉਲਟ ਹਾਲਾਤਾਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਤੇ ਅਟੱਲ ਹੈ। ਇਸਦੇ ਤਹਿਤ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਖਰੜ ਤੇ ਬੰਗਾ ਚ ਵੀ ਫਲਾਈਓਵਰ ਬਣਨ ਦਾ ਕੰਮ ਚੱਲ ਰਿਹਾ ਹੈ, ਬੱਲੋਵਾਲ ਸੌਂਖੜੀ ਚ ਵੀ ਬੀ.ਐਸ.ਸੀ ਐਗਰੀਕਲਚਰਲ ਦੇ ਕਾਲਜ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਉੱਥੇ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਲਾਸਾ ਕੀਤਾ ਕਿ ਅਜਿਹੇ ਕੁੱਲ 6 ਕਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ। ਜਿਨ੍ਹਾਂ ਨਾਲ ਲੋਕਾਂ ਨੂੰ ਵਿਆਹ ਤੇ ਹੋਰ ਸਮਾਜਿਕ ਪ੍ਰੋਗਰਾਮਾਂ ਲਈ ਭਾਰੀ ਪੈਸੇ ਨਹੀਂ ਖਰਚਣੇ ਪੈਣਗੇ। ਕਮਿਊਨਿਟੀ ਸੈਂਟਰ ਦੀ 500 ਵਿਅਕਤੀਆਂ ਦੀ ਸ਼ਮਤਾ ਹੈ। ਜਦਕਿ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਆਏਗੀ, ਜਿਸਦਾ ਰੇਲਵੇ ਨੇ ਕਰੀਬ 30 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਹੈ, ਬਾਕੀ ਸੂਬਾ ਸਰਕਾਰ ਕਰ ਰਹੀ ਹੈ।
ਇਸ ਤੋਂ ਬਾਅਦ ਐੱਮ. ਪੀ ਤਿਵਾੜੀ ਤੇ ਕੈਬਨਿਟ ਮੰਤਰੀ ਚੰਨੀ ਵਲੋਂ ਨਿਰਮਾਣ ਅਧੀਨ ਆਰਯੂਬੀ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਮੋਰਿੰਡਾ-ਕਾਈਨੌਰ ਸੜਕ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਿਲਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੇ ਕੁਮਾਰ ਟਿੰਕੂ, ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਸਾਬਕਾ ਵਿਧਾਇਕ ਭਾਗ ਸਿੰਘ, ਬੰਤ ਸਿੰਘ ਕਲਾਰਾਂ ਪ੍ਰਧਾਨ ਪੰਚਾਇਤ ਯੂਨੀਅਨ, ਗੁਰਵਿੰਦਰ ਸਿੰਘ ਕਕਰਾਲੀ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਉਪ ਚੇਅਰਮੈਨ ਚਰਨਜੀਤ ਚੰਨੀ, ਸੂਗਰ ਮਿਲ ਮੋਰਿੰਡਾ ਦੇ ਚੇਅਰਮੈਨ ਖੁਸ਼ਹਾਲ ਸਿੰਘ ਦਾਤਾਰਪੁਰ, ਬਲਾਕ ਕਾਂਗਰਸ ਪ੍ਰਧਾਨ ਬਲਬੀਰ ਸਿੰਘ ਸਹੇੜੀ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਸਰਪੰਚ ਕੇਸਰ ਸਿੰਘ ਬਡਵਾਲੀ, ਬਲਾਕ ਸੰਮਤੀ ਚੇਅਰਪਰਸਨ ਬਲਜੀਤ ਕੌਰ ਸਮਾਣਾ, ਓ.ਐਸ.ਡੀ ਅਵਤਾਰ ਸਿੰਘ ਸਿੱਧੂ, ਪੀਏ ਜਸਵੀਰ ਸਿੰਘ, ਸਰਪੰਚ ਹਰਪਾਲ ਸਿੰਘ, ਸੁਰਿੰਦਰ ਸਿੰਘ ਐਮ.ਸੀ, ਹਰਜੋਤ ਸਿੰਘ ਢੰਗਰਾਲੀ, ਹਰਪਾਲ ਥੰਮਣ ਸ਼ਹਿਰੀ ਪ੍ਰਧਾਨ ਮੋਰਿੰਡਾ, ਹਰੀ ਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਵੀ ਮੌਜੂਦ ਰਹੇ।