ਔਕਲੈਂਡ 30 ਨਵੰਬਰ, 2021:-ਜਦੋਂ ਦੀ ਲੇਬਰ ਸਰਕਾਰ 2017 ਤੋਂ ਸੱਤਾ ਵਿਚ ਆਈ ਹੈ, ਦੇਸ਼ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਜਿਸ ਨੇ ਪਹਿਲਾਂ 9 ਸਾਲ ਰਾਜ ਕੀਤਾ ਸੀ, ਆਪਣੇ ਨੇਤਾ ਨੂੰ ਲੈ ਕੇ ਚਰਚਾਵਾਂ ਵਿਚ ਰਹੀ ਹੈ। 2018 ਦੇ ਵਿਚ ਟੌਰੰਗਾ ਦੇ ਐਮ. ਪੀ. ਸ੍ਰੀ ਸਾਇਮਨ ਬਿ੍ਰਜਸ ਪਾਰਟੀ ਨੇਤਾ ਬਣੇ, ਫਿਰ ਰੌਲਾ ਪਿਆ ਤੇ ਸਾਂਸਦ ਟੌਡ ਮੁੱਲਰ ਨੇਤਾ ਬਣੇ 2 ਮਹੀਨੇ ਬਾਅਦ ਫਿਰ ਪਾਪਾਕੁਰਾ ਤੋਂ ਸਾਂਸਦ ਜੂਠਿਥ ਕੌਲਿਨਜ਼ ਨੇਤਾ ਚੱਲੇ ਆ ਰਹੇ ਸਨ। ਪਰ ਸਾਇਮਨ ਬਿ੍ਰਜਸ ਉਤੇ ਇਕ ਮਹਿਲਾ ਸਾਂਸਦ ਉਤੇ ਘਟੀਆ ਟਿਪਣੀ ਕਰਨ ਕਰਕੇ ਜਦੋਂ ਉਨ੍ਹਾਂ ਦਾ ਅਹੁਦਾ ਘਟਾਇਆ ਗਿਆ ਤਾਂ ਫਿਰ ਰੌਲਾ ਪਿਆ ਤੇ ਆਖਿਰ ਇਹ ਰੌਲਾ ਪਾਰਟੀ ਨੇਤਾ ਬਦਲਣ ਤੱਕ ਗਿਆ। ਅੱਜ ਨੈਸ਼ਨਲ ਪਾਰਟੀ ਨੇ ਬੌਟਨੀ (ਔਕਲੈਂਡ) ਹਲਕੇ ਤੋਂ 2020 ਦੇ ਵਿਚ ਪਹਿਲੀ ਵਾਰ ਸਾਂਸਦ ਬਣੇ ਸ੍ਰੀ ਕ੍ਰਿਸਟੋਫਰ ਮਾਰਕ ਲਕਸਨ ਨੂੰ ਆਪਣੇ ਨੇਤਾ ਚੁਣ ਲਿਆ ਹੈ। ਇਸਦੇ ਨਾਲ ਹੀ ਵਲਿੰਗਟਨ ਦੀ ਮਹਿਲਾ ਲਿਸਟ ਸਾਂਸਦ ਨਿਕੋਲਾ ਵਿਲਿਸ ਨੂੰ ਉਪ ਮੇਤਾ ਚੁਣਿਆ ਗਿਆ ਹੈ। ਇਹ ਚੋਣ ਨਿਰਵਿਰੋਧ ਕੀਤੀ ਗਈ ਹੈ।
ਆਪਣੇ ਪਹਿਲੇ ਭਾਸ਼ਣ ਵਿਚ ਸ੍ਰੀ ਕ੍ਰਿਸ ਲਕਸਨ ਨੇ ਕਿਹਾ ਕਿ ਉਹ ਪੁਰਾਣੀਆਂ ਘਟਨਾਵਾਂ ਦੇ ਥੱਲੇ ਇਕ ਲਾਈਨ ਖਿੱਚ ਕੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਵਰਨਣਯੋਗ ਹੈ ਕਿ ਇਸ ਵੇਲੇ ਨੈਸ਼ਨਲ ਪਾਰਟੀ ਦੇ ਕੋਲ ਕੁੱਲ 33 ਸੀਟਾਂ ਹਨ ਜਿਨ੍ਹਾਂ ਵਿਚ 23 ਹਲਕਾ ਜੇਤੂ ਹਨ ਅਤੇ 10 ਸੀਟਾਂ ਪਾਰਟੀ ਵੋਟ ਵਾਲੀਆਂ ਹਨ। ਇਸਦੇ ਮੁਕਾਬਲੇ ਲੇਬਰ ਪਾਰਟੀ ਕੋਲ 46 ਹਲਕਾ ਜੇਤੂ ਅਤੇ 19 ਪਾਰਟੀ ਵੋਟ ਵਾਲੀਆਂ ਸੀਟਾਂ ਹਨ। ਲਕਸਨ ਨੂੰ ਬੌਟਨੀ ਹਲਕੇ ਤੋਂ 19017 ਵੋਟਾਂ ਪਈਆਂ ਸਨ ਅਤੇ ਨੈਸ਼ਨਲ ਨੂੰ ਪਾਰਟੀ ਵੋਟ 13970 ਦੀ ਸੀ। ਉਪ ਨੇਤਾ ਨਿਕੋਲ ਵਿਲਿਸ ਨੇ ਜਰਨਲਿਜ਼ਮ ਦੇ ਪੋਸਟ ਗ੍ਰੈਜੂਏਸ਼ਨ ਪੜ੍ਹਾਈ ਕੀਤੀ ਹੋਈ ਹੈ, ਇੰਗਲਿਸ਼ ਸਾਹਿਤ ਦੇ ਵਿਚ ਡਿਗਰੀ ਕੀਤੀ ਹੋਈ ਹੈ, ਉਹ ਸਾਬਕਾ ਪ੍ਰਧਾਨ ਮੰਤਰੀ ਰਹੇ ਸ੍ਰੀ ਬਿਲ ਇੰਗਲਿਸ਼ ਦੀ ਨੀਤੀ ਸਲਾਹਕਾਰ ਰਹੀ ਹੈ, ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੀ 2008 ਵਿਚ ਸਨੀਅਰ ਸਲਾਹਕਾਰ ਰਹੀ ਹੈ। ਰਾਜਨੀਤੀ ਤੋਂ ਪਹਿਲਾਂ ਦੁੱਧ ਉਤਪਾਦਕ ਕੰਪਨੀ ‘ਫਨਟੇਰਾ’ ਦੇ ਵਿਚ ਮੈਨੇਜਮੈਂਟ ਦਾ ਕੰਮ ਵੀ ਕਰਦੀ ਰਹੀ ਹੈ। ਇਸ ਵੇਲੇ ਉਹ ਚਾਰ ਬੱਚਿਆਂ ਦੀ ਮਾਂ ਹੈ।
ਭਾਰਤੀ ਭਾਈਚਾਰੇ ਨਾਲ ਵੀ ਹੈ ਗੂੜਾ ਸਬੰਧ: ਨੈਸ਼ਨਲ ਨੇਤਾ ਚੁਣੇ ਗਏ ਸ੍ਰੀ ਕ੍ਰਿਸ ਲਕਸਨ ਦਾ ਬੌਟਨੀ ਹਲਕੇ ਦੇ ਭਾਰਤੀਆਂ ਨਾਲ ਕਾਫੀ ਗੂੜਾ ਸਬੰਧੀ ਹੈ। ਇਸ ਹਲਕੇ ਦੇ ਵਿਚ 15 ਪ੍ਰਤੀਸ਼ਤ ਦੇ ਕਰੀਬ ਭਾਰਤੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਪਿਛਲੀ ਆਮ ਚੋਣਾਂ ਦੇ ਵਿਚ ਕਾਫੀ ਸ਼ਮੂਲੀਅਤ ਰਹੀ ਹੈ। ਇਸੇ ਹਲਕੇ ਤੋਂ ਲੋਕਲ ਬੋਰਡ ਦੇ ਉਮੀਦਵਾਰ ਰਹੇ ਸ੍ਰੀ ਅਜੈ ਬੱਲ ਨੇ ਵੀ ਇਨ੍ਹਾਂ ਦੀ ਹਮਾਇਤ ਵਿਚ ਦੋ ਵੱਡੇ ਸਮਾਗਮ ਕੀਤੇ ਸਨ ਜਿਨ੍ਹਾਂ ਦੇ ਵਿਚ ਫੰਡ ਰੇਜਿੰਗ ਵੀ ਸ਼ਾਮਿਲ ਸੀ। ਸ੍ਰੀ ਲਕਸਨ ਪੰਜਾਬੀ ਖੇਡ ਮੇਲਿਆਂ ਤੇ ਸਭਿਆਚਾਰਕ ਮੇਲਿਆਂ ਵਿਚ ਆਪਣੀ ਪਤਨੀ ਦੇ ਨਾਲ ਸ਼ਾਮਿਲ ਹੁੰਦੇ ਰਹੇ ਹਨ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਵੀ ਸ਼ਾਮਿਲ ਹੋਏ ਸਨ। ਨੈਸ਼ਨਲ ਪਾਰਟੀ ਦੇ 12 ਸਾਲ ਲਿਸਟ ਐਮ. ਪੀ. ਰਹੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਸ੍ਰੀ ਕ੍ਰਿਸ ਲਕਸਨ ਨੂੰ ਪਾਰਟੀ ਨੇਤਾ ਬਨਣ ਉਤੇ ਵਧਾਈ ਦਿੱਤੀ ਹੈ। ਪੰਜਾਬੀ ਭਾਈਚਾਰੇ ਤੋਂ ਨੈਸ਼ਨਲ ਪਾਰਟੀ ਨਾਲ ਨੇੜਤਾ ਰੱਖਣ ਵਾਲੀ ਨਿਊਜ਼ੀਲੈਂਡ ਸਿੱਖ ਖੇਡ ਕਮੇਟੀ, ਸ. ਨਵਤੇਜ ਰੰਧਾਵਾ, ਸ. ਸੰਨੀ ਸਿੰਘ ਤੇ ਸ੍ਰੀ ਸੰਨੀ ਕੌਸ਼ਿਲ ਨੇ ਵੀ ਵਧਾਈ ਦਿੱਤੀ ਹੈ।