ਫਰੀਦਕੋਟ, 2 ਅਗਸਤ 2020 – ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹੋਣ ਦੇ ਬਾਵਜੂਦ ਅਜੇ ਵੀ ਲੋਕ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀ ਲੈ ਰਹੇ, ਇਸੇ ਕਰਕੇ ਆਏ ਦਿਨ ਕੋਰੋਨਾ ਪਾਜੇਟਿਵ ਮਰੀਜਾਂ ਦੇ ਅੰਕੜਿਆਂ ‘ਚ ਵਾਧਾ ਹੁੰਦਾ ਜਾ ਰਿਹਾ ਹੈ,ਕੋਰੋਨਾ ਦੀ ਚੇਨ ਤੋੜਨ ਲਈ ਜਿਥੇ ਕੋਵਿਡ-19 ਦੀ ਸੈਂਪਲਿੰਗ ਤੇਜ ਕਰ ਦਿੱਤੀ ਗਈ ਹੈ ਇਸੇ ਹੀ ਲੜੀ ਤਹਿਤ ਐਮਰਜੈਂਸੀ ਮਰੀਜ਼ਾਂ ਦੇ ਕੋਰੋਨਾ ਟੈਸਟ ਜੱਲਦ ਕਰਨ ਦੀ ਪ੍ਰਕਿਰਿਆ ‘ਚ ਤੇਜੀ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ ਕੋਰੋਨਾ ਟੈਸਟ ਮਸ਼ੀਨ ਅਤੇ ਹਾਦਸਾਗ੍ਰਸਤ ਸਮੇਤ ਐਮਰਜੈਂਸੀ ਮਰੀਜ਼ਾਂ ਲਈ ਇਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਐਂਬੂਲੈਂਸ ਵੈਨ ਵੀ ਦਿੱਤੀ ਗਈ ਹੈ।
ਇਸ ਮੌਕੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਸਥਾਪਿਤ ਕੀਤੀ ਇਸ ਨਵੀਂ ਕੋਰੋਨਾ ਟੈਸਟ ਮਸ਼ੀਨ ਅਤੇ ਐਂਬੂਲੈਂਸ ਗੱਡੀ ਦਾ ਨਰੀਖਣ ਕੀਤਾ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਸਿਵਲ ਹਸਪਤਾਲ ‘ਚ ਐਮਰਜੈਂਸੀ ਮਰੀਜ਼ ਜਿਵੇਂ ਗਰਭਵਤੀ ਮਹਿਲਾਵਾਂ, ਓਪਰੇਸ਼ਨ ਵਾਲੇ ਮਰੀਜ਼,ਸਾਹ ਦੀ ਤਕਲੀਫ ਵਾਲੇ ਮਰੀਜ ਜਾਂ ਫਿਰ ਪੁਲਿਸ ਪ੍ਰਸਾਸ਼ਨ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਵਾਲੇ ਵਿਅਕਤੀਆਂ ਜਾਂ ਜੇਲ੍ਹ ਭੇਜਣ ਤੋਂ ਪਹਿਲਾ ਤੁਰੰਤ ਕੋਵਿਡ ਟੈਸਟ ਦੇ ਨਤੀਜੇ ਹਾਸਲ ਕਰਨ ਲਈ ਨਿਵੇਕਲੀ ਮਸ਼ੀਨ ਭੇਜੀ ਗਈ ਹੈ ਜਿਸ ‘ਚ ਇਕੋ ਸਮੇਂ ‘ਚ ਚਾਰ ਸੈਂਪਲ ਟੈਸਟ ਕੀਤੇ ਜਾ ਸਕਦੇ ਹਨ, ਹੁਣ ਐਮਰਜੈਂਸੀ ਮੌਕੇ ਕੋਵਿਡ ਟੈਸਟ ਕਰਨ ਉਪਰੰਤ 1 ਘੰਟੇ ਵਿੱਚ ਕੋਰੋਨਾ ਰਿਪੋਰਟ ਆਵੇਗੀ, ਜਿਸ ਦੇ ਆਧਾਰ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਪਹਿਲਾਂ ਕੋਰੋਨਾ ਟੈਸਟ ਦੀ ਰਿਪੋਟ ਆਉਣ ‘ਚ ਦੇਰੀ ਹੋਣ ਤੇ ਐਮਰਜੈਂਸੀ ਕੇਸਾਂ ਨਾਲ ਸਬੰਧਿਤ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ ਪਰ ਹੁਣ ਅਜਿਹਾ ਨਹੀ ਹੋਵੇਗਾ,ਤੇ ਜੱਲਦ ਤੋਂ ਜੱਲਦ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਜਾ ਸਕੇਗਾ।
ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਭੇਜੀ “ਐਡਵਾਂਸਡ ਲਾਈਫ ਸਪੋਰਟ”ਐਂਬੂਲੈਂਸ ਜਿਸ ਵਿੱਚ ਵੈਂਟੀਲੇਟਰ,ਆਕਸੀਜਨ ਸਿਲੰਡਰ,ਈ.ਸੀ.ਜੀ ਸਮੇਤ ਹੋਰ ਵੀ ਉਪਕਰਨ ਮੁਹੱਈਆ ਹਨ ।ਡਾ.ਰਜਿੰਦਰ ਨੇ ਫਰੀਦਕੋਟ ਹਸਪਤਾਲ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਜੀਤ ਸਿੰਘ,ਮੀਡੀਆ ਇੰਚਾਰਜ ਕੋਵਿਡ-19 ਡਾ.ਪ੍ਰਭਦੀਪ ਸਿੰਘ ਚਾਵਲਾ,ਏ.ਐਮ.ਓ ਡਾ.ਹਰਪ੍ਰੀਤ ਸਿੰਘ ਅਤੇ ਡੈਟਾ ਮੈਨੇਜਰ ਪ੍ਰਿਤਪਾਲ ਸਿੰਘ ਵੀ ਹਾਜਰ ਸਨ।