ਨਵੀਂ ਦਿੱਲੀ – ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਭਾਰਤ ਵੱਲੋਂ ਕਰੋਨਾਵਾਇਰਸ ਮਹਾਮਾਰੀ ਨਾਲ ਸਿੱਝਣ ਲਈ ਵਿਦੇਸ਼ ਤੋਂ ਕਰੀਬ 550 ਆਕਸੀਜਨ ਪਲਾਂਟਾਂ, 4 ਹਜ਼ਾਰ ਆਕਸੀਜਨ ਕੰਸਨਟਰੇਟਰਾਂ ਅਤੇ 10 ਹਜ਼ਾਰ ਆਕਸੀਜਨ ਸਿਲੰਡਰਾਂ ਦੀ ਖ਼ਰੀਦ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਸਰ ਤੋਂ ਰੈਮਡੇਸਿਵਿਰ ਦਵਾਈਆਂ ਦੀ 4 ਲੱਖ ਯੂਨਿਟ ਖ਼ਰੀਦਣ ’ਤੇ ਵੀ ਵਿਚਾਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਬੰਗਲਾਦੇਸ਼ ਅਤੇ ਉਜ਼ਬੇਕਿਸਤਾਨ ਵਰਗੇ ਮੁਲਕਾਂ ਤੋਂ ਵੀ ਰੈਮਡੇਸਿਵਿਰ ਦਵਾਈ ਖ਼ਰੀਦਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 40 ਤੋਂ ਵੱਧ ਮੁਲਕ ਭਾਰਤ ਦੀ ਸਹਾਇਤਾ ਲਈ ਅੱਗੇ ਆਏ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਅਮਰੀਕਾ ਤੋਂ ਦੋ ਵਿਸ਼ੇਸ਼ ਜਹਾਜ਼ਾਂ ਰਾਹੀਂ ਵੱਡੀ ਗਿਣਤੀ ’ਚ ਮੈਡੀਕਲ ਸਪਲਾਈ ਸ਼ੁੱਕਰਵਾਰ ਨੂੰ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਇਕ ਹੋਰ ਜਹਾਜ਼ ਅਗਲੇ ਕੁਝ ਦਿਨਾਂ ’ਚ ਭਾਰਤ ਪਹੁੰਚੇਗਾ। ਸ੍ਰੀ ਸ਼੍ਰਿੰਗਲਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੇ ਨਿਵੇਕਲੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਭਾਰਤ ਆਪਣੇ ਭਾਈਵਾਲਾਂ ਤੇ ਸਾਥੀਆਂ ਵੱਲੋਂ ਮੈਡੀਕਲ ਸਪਲਾਈ ਤੇ ਹੋਰ ਸਹਾਇਤਾ ਨੂੰ ਕਿਸੇ ਨੀਤੀਗਤ ਨਜ਼ਰੀਏ ਨਾਲ ਨਹੀਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਸਾਲ ਮਹਾਮਾਰੀ ਦੇ ਸਮੇਂ ’ਚ ਕਈ ਮੁਲਕਾਂ ਨੂੰ ਹਾਈਡਰੋਕਸੀਕਲੋਰੋਕੁਈਨ, ਪੈਰਾਸਿਟਾਮੋਲ ਅਤੇ ਰੈਮਡੇਸਿਵਿਰ ਸਮੇਤ ਹੋਰ ਲੋੜੀਂਦੀਆਂ ਦਵਾਈਆਂ ਤੇ ਹੋਰ ਸਾਮਾਨ ਭੇਜਿਆ ਸੀ ਅਤੇ ਇਹ ਮੁਲਕ ਹੁਣ ਭਾਰਤ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਦਾ ਇਹ ਜਵਾਬ ਉਸ ਸਮੇਂ ਆਇਆ ਜਦੋਂ ਇਕ ਪੱਤਰਕਾਰ ਨੇ ਸ਼੍ਰਿੰਗਲਾ ਤੋਂ ਪੁੱਛਿਆ ਕਿ ਕੀ ਭਾਰਤ ਨੇ 2004 ’ਚ ਸੁਨਾਮੀ ਮਗਰੋਂ ਵਿਦੇਸ਼ੀ ਸਹਾਇਤਾ ਨਾ ਲੈਣ ਦੀ ਨੀਤੀ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ,‘‘ਭਾਰਤ ਨੇ ਸਹਾਇਤਾ ਦਿੱਤੀ ਸੀ ਅਤੇ ਹੁਣ ਸਾਨੂੰ ਸਹਾਇਤਾ ਮਿਲ ਰਹੀ ਹੈ। ਦੁਨੀਆ ਹੁਣ ਇਕ-ਦੂਜੇ ’ਤੇ ਨਿਰਭਰ ਹੈ। ਇਥੋਂ ਪਤਾ ਲੱਗਦਾ ਹੈ ਕਿ ਦੁਨੀਆ ਇਕ-ਦੂਜੇ ਨਾਲ ਮਿਲ ਕੇ ਕੰਮ ਕਰ ਰਹੀ ਹੈ।