ਅੰਮ੍ਰਿਤਸਰ, 31 ਜੁਲਾਈ 2020 – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਕਿ ਅੱਜ 31 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ, ਦੇ ਸਥਾਨ ਉਤੇ ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਦੋਵੇਂ ਅਧਿਕਾਰੀ ਅੱਜ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਜਿੱਥੇ ਢਿੱਲੋਂ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਕਿਹਾ ਕਿ ਗੁਰੂ ਕ੍ਰਿਪਾ ਨਾਲ ਹੀ ਮੈਨੂੰ ਇਸ ਇਤਹਾਸਕ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਅੰਮ੍ਰਿਤਸਰੀਆਂ ਨੇ ਹਰ ਮੌਕੇ ਉਤੇ ਜਿਲ੍ਹਾ ਪ੍ਰਸ਼ਾਸਨ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀਆਂ ਯਾਦਾਂ ਸਦਾ ਉਨ੍ਹਾਂ ਦੇ ਮਨ ਉੱਤੇ ਉਕਰੀਆਂ ਰਹਿਣਗੀਆਂ।
ਗੁਰਪ੍ਰੀਤ ਸਿੰਘ ਖਹਿਰਾ, ਜੋ ਕਿ ਪਠਾਨਕੋਟ ਤੋਂ ਤਬਦੀਲ ਹੋ ਕੇ ਅੰਮ੍ਰਿਤਸਰ ਆਏ ਹਨ, ਨੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਪਵਿਤਰ ਸਥਾਨ ਉਤੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਨੇ ਜੋ ਸੁਭਾਗ ਮੈਨੂੰ ਅੰਮ੍ਰਿਤਸਰ ਦੀ ਸੇਵਾ ਦਾ ਦਿੱਤਾ ਹੈ, ਮੈਂ ਉਸ ਉੱਤੇ ਪੂਰਾ ਉੱਤਰ ਸਕਾਂ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਅੰਮ੍ਰਿਤਸਰ ਜਿਲੇ ਨੂੰ ਹਰ ਖੇਤਰ ਵਿਚ ਬੁਲੰਦੀਆਂ ਉਤੇ ਪਹੁੰਚਾਇਆ ਜਾਵੇ।
ਖਹਿਰਾ ਨੇ ਕੋਵਿਡ-19 ਸੰਕਟ ਨਾਲ ਨਿਜੱਠਣ ਲਈ ਜਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਓ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਨਾ ਨਿਕਲੋ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਮੈਨੇਜਰ ਸ. ਮੁਖਤਾਰ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਤਜਿੰਦਰ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਜਸਵਿੰਦਰ ਸਿੰਘ ਜੱਸੀ, ਸ. ਅੰਮ੍ਰਿਤਪਾਲ ਸਿੰਘ ਨੇ ਦੋਵਾਂ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸ੍ਰੀ ਦੀਪਕ ਅਰੋੜਾ ਨਿੱਜੀ ਸਕੱਤਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।