ਸਰੀ, 31 ਜੁਲਾਈ 2020-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਹਾਊਸ ਆਫ਼ ਕਾਮਨਜ਼ ਦੀ ਫਾਇਨੈਂਸ ਕਮੇਟੀ ਅੱਗੇ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਦਿੱਤੀ ਅਤੇ 900 ਮਿਲੀਅਨ ਡਾਲਰ ਦਾ ਸਟੂਡੈਂਟਸ ਗਰਾਂਟ ਪ੍ਰੋਗਰਾਮ ‘ਵੀ ਚੈਰਿਟੀ’ਨੂੰ ਦਿੱਤੇ ਜਾਣ ਸਬੰਧੀ ਕਮੇਟੀ ਮੈਂਬਰਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ। ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਦੇ ਸਟਾਫ਼ ਵੱਲੋਂ ‘ਵੀ ਚੈਰਿਟੀ’ਨੂੰ ਕੋਈ ‘ਫ਼ੇਵਰੇਬਲ ਟ੍ਰੀਮਟੈਂਟ’ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਪਬਲਿਕ ਸਰਵਿਸ ਵੱਲੋਂ ‘ਵੀ ਚੈਰਿਟੀ’ ਨੂੰ ਸਿਲੈਕਟ ਕਰਨ ਦੇ ਫੈਸਲੇ ਵਿਚ ਵੀ ਕੋਈ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਟੂਡੈਂਟਸ ਗਰਾਂਟ ਪ੍ਰੋਗਰਾਮ ਦਾ ਸੰਚਾਲਨ ‘ਵੀ ਚੈਰਿਟੀ’ ਨੂੰ ਦਿੱਤੇ ਜਾਣ ਬਾਰੇ ਉਨ੍ਹਾਂ ਨੂੰ 8 ਮਈ ਨੂੰ ਪਤਾ ਲੱਗਾ ਸੀ।
ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਾਂਮਾਰੀ ਨਾਲ ਜੁੜੇ ਮਸਲਿਆਂ ਨੂੰ ਛੇਤੀ ਹੱਲ ਕਰਨ ਵਿਚ ਰੁੱਝੀ ਹੋਈ ਸੀ, ਗ੍ਰਾਂਟ ਪ੍ਰੋਗਰਾਮਾਂ ਦੀ ਵਿਉਂਤਬੰਦੀ ਕਰ ਰਹੀ ਸੀ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਲਈ ਕਾਹਲੀ ਸੀ। ਇਸੇ ਜਲਦਬਾਜ਼ੀ ਦੀ ਵਜ੍ਹਾ ਕਰਕੇ ਹੀ ਉਹ ‘ਵੀ ਚੈਰਿਟੀ’ ਬਾਰੇ ਕੈਬਨਿਟ ਵਿਚਾਰ ਵਟਾਂਦਰੇ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਣ ਵਿੱਚ ਅਸਫਲ ਰਹੇ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ‘ਵੀ ਚੈਰਿਟੀ’ ਸੰਸਥਾ ਨਾਲ ਵਲੰਟੀਅਰ ਕਾਰਜ ਕਰਨ ਬਾਰੇ ਜਾਣਕਾਰੀ ਸੀ ਅਤੇ ‘ਵੀ ਚੈਰਿਟੀ’ ਵੱਖ ਵੱਖ ਮੌਕਿਆਂ ਤੇ ਉਨ੍ਹਾਂ ਨੂੰ ਆਉਣ-ਜਾਣ ਦਾ ਖਰਚਾ ਦਿੰਦੀ ਸੀ। ਉਨ੍ਹਾਂ ਦੀ ਪਤਨੀ ਵੱਲੋਂ ‘ਵੀ ਚੈਰਿਟੀ’ ਨਾਲ ਬਤੌਰ ਵਲੰਟੀਅਰ ਕੰਮ ਕਰਨ ਸਬੰਧੀ ਐਥਿਕਸ ਕਮਿਸ਼ਨਰ ਤੋਂ ਮਨਜ਼ੂਰੀ ਲਈ ਗਈ ਸੀ।