ਬਰਨਾਲਾ, 31 ਜੁਲਾਈ 2020 – ਬਰਨਾਲਾ ਵਾਸੀਆਂ ਨੂੰ 92.49 ਕਰੋੜੀ ਪ੍ਰਾਜੈਕਟ ਦਾ ਤੋਹਫਾ ਦਿੰਦਿਆਂ ਅੱਜ ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ. ਕੇਵਲ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸੀਵਰੇਜ ਤੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਪਾਣੀ ਸੋਧ ਦੇ ਮੱਦੇਨਜ਼ਰ ਸੀਵਰੇਜ ਦੇ ਮੁੱਖ ਪੰਪਇੰਗ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ।
ਢਿੱਲੋਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਫੂਲਕਾ ਵੱਲੋਂ ਅੱਜ ਸੀਵਰੇਜ ਪੰਪਇੰਗ ਸਿਸਟਮ ਵਿੱਚ ਲੱਗੀਆਂ ਛੇ ਨਵੀਆਂ ਮੋਟਰਾਂ ਬਟਨ ਦਬਾ ਕੇ ਚਾਲੂ ਕੀਤੀਆਂ ਗਈਆਂ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਬਹੁ-ਕਰੋੜੀ ਪ੍ਰਾਜੈਕਟ ਨਾਲ ਬਰਨਾਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਅਤੇ ਬਰਸਾਤੀ ਪਾਣੀ ਕਾਰਨ ਆਉਂਦੀ ਮੁਸ਼ਕਲ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਐਸਐਸਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਵੀ ਹਾਜ਼ਰ ਰਹੇ। ਇਸ ਮੌਕੇ ਸ. ਢਿੱਲੋਂ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਪਹਿਲਾਂ ਬਰਨਾਲੇ ਵਿੱਚ ਸਿਰਫ ਦੋ ਮੋਟਰਾਂ ਲੱਗੀਆਂ ਹੋਈਆਂ ਹਨ, ਪਰ ਹੁਣ ਇੱਥੇ 6 ਨਵੀਆਂ ਮੋਟਰਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਬਰਨਾਲਾ ਲਈ ਸੁਪਨਮਈ ਪ੍ਰਾਜੈਕਟ ਸੀ, ਜਿਸ ਦੇ ਚਾਲੂ ਹੋਣ ’ਤੇ ਬਰਨਾਲਾ ਵਾਸੀ ਵਧਾਈ ਦੇ ਪਾਤਰ ਹਨ।
ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਲਈ 92.49 ਕਰੋੜ ਲਾਗਤ ਨਾਲ ਅਮਰੁਤ ਸਕੀਮ ਤਹਿਤ ਸੀਵਰੇਜ ਦਾ ਪ੍ਰਾਜੈਕਟ ਲਿਆਂਦਾ ਗਿਆ, ਜਿਸ ਵਿੱਚ ਬਰਨਾਲਾ ’ਚ ਸੀਵਰੇਜ ਮੇਨ ਪੰਪਇੰਗ ਸਟੇਸ਼ਨ ਅੱਜ ਚਾਲੂ ਕਰ ਦਿੱਤਾ ਗਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਕੁਝ ਦਿਨਾਂ ਤੱਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸਟੀਪੀ ਦੀ ਸਮਰੱਥਾ 20 ਐਮਅੇੈਲਡੀ ਅਤੇ ਐਮਪੀਐਸ ਦੀ ਸਮਰੱਥਾ 45 ਐਮਐੈਲਡੀ ਪ੍ਰਤੀ ਦਿਨ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦਾ ਰਿਕਾਰਡਤੋੜ ਵਿਕਾਸ ਕਰਾਇਆ ਜਾ ਰਿਹਾ ਹੈ। ਬਰਨਾਲਾ ਵਿਚ ਸੀਵਰੇਜ ਲਾਈਨ, ਸੜਕਾਂ, ਇੰਟਰਲਾਕ ਟਾਈਲਾਂ ਦਾ ਕੰਮ 95% ਤੱਕ ਪੂਰਾ ਹੋ ਚੁੱਕਿਆ ਹੈ। ਜਿਸ ਵਿੱਚ ਸ਼ਹਿਰ ਵਿੱਚ ਸੀਵਰੇਜ ਲਾਈਨ, ਸ਼ਹਿਰ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਇਆ ਗਿਆ ਤੇ ਛੇ ਮਹੀਨਿਆਂ ਵਿੱਚ ਹੀ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਈ.ਟੀ ਆਈ ਚੌਕ ਤੱਕ ਸੀਵਰੇਜ ਪਾ ਕੇ ਚਾਲੂ ਕਰ ਦਿੱਤਾ ਗਿਆ ਹੈੈ। ਹੁਣ ਸ਼ਹਿਰ ਵਾਸੀਆਂ ਦੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਐਸ.ਡੀ. ਕਾਲਜ ਤੋਂ ਲੈ ਕੇ ਕਚਿਹਰੀ ਚੌਕ ਤੱਕ ਸੀਵਰੇਜ ਨੂੰ ਜੋੜਿਆ ਜਾਵੇਗਾ, ਜਿਸ ਦਾ ਟੈਂਡਰ ਅਲਾਟ ਹੋ ਚੁੱਕਿਆ ਹੈ, ਪਰ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਇਹ ਕੰਮ ਰੋਕਿਆ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਇਹ ਸੀਵਰੇਜ ਕੁਨੈਕਸ਼ਨ ਜੁੜਨ ਨਾਲ ਲੱਖੀ ਕਲੋਨੀ, ਬਾਬਾ ਦੀਪ ਸਿੰਘ ਨਗਰ, ਸਹੀਦ ਭਗਤ ਸਿੰਘ ਨਗਰ, ਦਸਮੇਸ਼ ਨਗਰ, ਅਕਾਲਗੜ੍ਹ ਬਸਤੀ ਆਦਿ ਹਿੱਸਿਆਂ ਦੀ ਸੀਵਰੇਜ ਦੀ ਸਮੱਸਿਆ ਤੇ ਬਰਸਾਤਾਂ ਦੇ ਪਾਣੀ ਦਾ ਹੱਲ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿ ਬੱਸ ਸਟੈਂਡ ਬਰਨਾਲਾ ਦੀ ਆਈਲੈਟਸ ਸੈਂਟਰ ਵਾਲੀ ਜਗ੍ਹਾ ਬਰਸਾਤਾਂ ਦੇ ਪਾਣੀ ਦੇ ਨਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਲਗਭਗ ਇਕ ਮਹੀਨੇ ਅੰਦਰ ਹੱਲ ਕਰ ਲਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਬਰਨਾਲਾ) ਸ੍ਰੀ ਅਦਿੱਤਿਆ ਡੇਚਲਵਾਲ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਐਕਸੀਅਨ ਸੀਵਰੇਜ ਬੋਰਡ ਬਰਨਾਲਾ ਸ੍ਰੀ ਮਹੇਸ਼ ਚਾਵਲਾ, ਸੀਵਰੇਜ ਬੋਰਡ ਬਰਨਾਲਾ ਦੇ ਐਸਡੀਓ ਸ੍ਰੀ ਰਜਿੰਦਰ ਗਰਗ, ਸਾਬਕਾ ਐਕਸੀਅਨ ਸੀਵਰੇਜ ਬੋਰਡ ਸ. ਸੁਰਿੰਦਰ ਸਿੰਘ ਬਾਹੀਆ, ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ, ਜੇ.ਈ ਤਰੁਣ ਕੁਮਾਰ ਗੋਇਲ ਤੇ ਹੋਰ ਹਾਜ਼ਰ ਸਨ।