ਸਿਹਤ ਮੰਤਰੀ ਸਿੱਧੂ ਨੇ ਰਖਿਆ 58 ਲੱਖ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ
ਫੇਜ਼ 11 ਦੀ ਮਾਰਕੀਟ ਦਾ ਬਦਲਗੇ ਮੂੰਹ-ਮੁਹਾਂਦਰਾ
ਐਸ ਏ ਐਸ ਨਗਰ, 27 ਜੁਲਾਈ -ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਸ਼ਹਿਰ ਦੇ ਫ਼ੇਜ਼ 11 ਦੀ ਮਾਰਕੀਟ ਦਾ ਮੂੰਹ-ਮੁਹਾਂਦਰਾ ਬਦਲਣ ਲਈ 57.86 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਕੰਮਾਂ ਦਾ ਨੀਂਹ ਪੱਥਰ ਰਖਿਆ| ਪਾਲਿਕਾ ਮਾਰਕੀਟ ਵਿਚ ਨੀਂਹ ਪੱਥਰ ਰੱਖਣ ਮਗਰੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਰਕੀਟ ਦੇ ਨਵੀਨੀਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਲਗਭਗ 58 ਲੱਖ ਰੁਪਏ ਦੀ ਰਕਮ ਖ਼ਰਚ ਕੀਤੀ ਜਾਵੇਗੀ ਜਿਸ ਨਾਲ ਇਸ ਮਾਰਕੀਟ ਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਜਾਵੇਗਾ| ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਵੀਨੀਕਰਨ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਵਰਤੀ ਜਾਣ ਵਾਲੀ ਸਮੱਗਰੀ ਉਚ ਮਿਆਰ ਦੀ ਹੋਵੇ| ਸ. ਸਿੱਧੂ ਨੇ ਕਿਹਾ ਕਿ 11 ਫੇਜ਼ ਵਿਚ ਵੱਖ-ਵੱਖ ਵਿਕਾਸ ਕਾਰਜਾਂ ਲਈ ਪਹਿਲਾਂ ਹੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਜ਼ਰੀਏ ਵੱਖ-ਵੱਖ ਵਿਕਾਸ ਕਾਰਜ ਨੇਪਰੇ ਚੜ੍ਹੇ ਹਨ|
ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਬੀਤੇ ਸਮੇਂ ਦੌਰਾਨ ਫ਼ੇਜ਼ 11 ਦੇ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕੀਤਾ ਜਿਨ੍ਹਾਂ ਵਿਚ ਸੀਵਰੇਜ ਪਾਈਪਾਂ ਪਾਉਣ ਲਈ 2 ਕਰੋੜ ਰੁਪਏ, ਵਾਟਰ ਸਪਲਾਈ ਪਾਈਪਾਂ ਲਈ 1 ਕਰੋੜ 35 ਲੱਖ ਰੁਪਏ, ਬਰਸਾਤੀ ਪਾਣੀ ਦੀਆਂ ਪਾਈਪਾਂ ਲਈ 80 ਲੱਖ ਰੁਪਏ, ਮਾਰਕੀਟ ਵਿਚ ਬਾਥਰੂਮਾਂ ਲਈ 9 ਲੱਖ ਰੁਪਏ, ਟਰੈਫ਼ਿਕ ਲਾਈਟਾਂ ਲਈ 11 ਲੱਖ ਰੁਪਏ, ਬੱਸ ਕਿਉ ਸ਼ੈਲਟਰ ਲਈ 8 ਲੱਖ ਰੁਪਏ, ਰੋਡ ਫ਼ੁਟਪਾਥ ਪਾਰਕਿੰਗ ਲਈ 4 ਕਰੋੜ ਰੁਪਏ ਖ਼ਰਚੇ ਗਏ ਹਨ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਉਂਸਪਲ ਕਾਰਪੋਰੇਸ਼ਨ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਵੀਰ ਸਿੰਘ ਮਣਕੂ, ਮਿਉਂਸਪਲ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਕਨੂੰ ਥਿੰਦ, ਮੁਕੇਸ਼ ਗਰਗ ਐਸ.ਈ, ਹਰਪ੍ਰੀਤ ਸਿੰਘ ਐਕਸੀਅਨ, ਸੁਖਵਿੰਦਰ ਸਿੰਘ ਐਸਡੀਓ, ਸੁਨੀਲ ਕੁਮਾਰ ਸ਼ਰਮਾ ਐਸਡੀਓ, ਕਮਲਜੀਤ ਸਿੰਘ ਐਸਡੀਓ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਪਾਲਿਕਾ ਬਾਜ਼ਾਰ ਮਾਰਕੀਟ ਕਮੇਟੀ ਦੇ ਪ੍ਰਧਾਨ ਸੋਹਣ ਲਾਲ, ਮਾਰਕੀਟ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ ਗਿੱਲ, ਗੁਰਦਵਾਰਾ ਫ਼ੇਜ਼ 11 ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਖ਼ਾਲਸਾ, ਚੇਅਰਮੈਨ ਹਰਪਾਲ ਸਿੰਘ ਸੋਢੀ, ਮਾਰਕੀਟ ਪ੍ਰਧਾਨ ਪਵਨ ਜਗਦੰਬਾ, ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਚਮਨ ਲਾਲ, ਰਾਜ ਕੁਮਾਰ ਸ਼ਾਹੀ ਆਦਿ ਮੌਜੂਦ ਸਨ|
ਆਪਣੇ ਮਹਿਕਮੇ ਦੀ ਕਾਰਗੁਜਾਰੀ ਲੁਕਾਊਣ ਲਈ ਨਿਗਮ ਦੇ ਕੰਮਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਸਿੱਧੂ : ਅਕਾਲੀ ਕੌਂਸਲਰ
ਐਸ ਏ ਐਸ ਨਗਰ, 27 ਜੁਲਾਈ (ਸ.ਬ.) ਅਕਾਲੀ-ਭਾਜਪਾ ਗਠਜੋੜ ਦੇ ਸਾਬਕਾ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਆਰ ਪੀ ਸ਼ਰਮਾ, ਗੁਰਮੁੱਖ ਸਿੰਘ ਸੋਹਲ, ਕੰਵਲਜੀਤ ਸਿੰਘ ਰੂਬੀ, ਅਮਰੀਕ ਸਿੰਘ ਤਹਿਸੀਲਦਾਰ, ਕੁਲਦੀਪ ਕੌਰ ਕੰਗ, ਅਰੁਣ ਸ਼ਰਮਾ, ਅਸ਼ੋਕ ਝਾਅ, ਸੈਹਬੀ ਆਨੰਦ ਨੇ ਇਲਜਾਮ ਲਗਾਇਆ ਹੈ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਆਪਣੇ ਮਹਿਕਮੇ ਦੀ ਕਾਰਗੁਜਾਰੀ ਦੇ ਪਰਦਾ ਪਾਉਣ ਲਈ ਨਗਰ ਨਿਗਮ ਮੁਹਾਲੀ ਦੇ ਕੰਮਾਂ ਦੇ ਉਦਘਾਟਨਾਂ ਦੀਆਂ ਫੋਟੋਆਂ ਲਵਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਜਦੋਂ ਸਰਕਾਰ ਲੋਕਾਂ ਨੂੰ 5 ਬੰਦਿਆਂ ਦੇ ਇੱਕ ਥਾਂ ਇੱਕਠੇ ਹੋਣ ਤੇ ਪੁਲੀਸ ਕੇਸ ਦਰਜ ਕਰਨ ਦੀਆਂ ਹਦਾਇਤਾਂ ਦੇ ਰਹੀ ਹੈ ਫਿਰ ਮੰਤਰੀ ਵਲੋਂ ਵੱਡੇ ਇਕੱਠ ਕਰਕੇ ਖੁਦ ਹੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਹ ਸਾਰੇ ਕੰਮ ਮੇਅਰ ਸ੍ਰ ਕੁਲਵੰਤ ਸਿੰਘ ਵਲੋਂ ਪਾਸ ਕਰਵਾਏ ਗਏ ਸਨ, ਜਿਨ੍ਹਾਂ ਨੂੰ ਕਰਵਾਉਣ ਬਾਰੇ ਲਾਕ ਡਾਉਨ ਦੌਰਾਨ ਮੰਤਰੀ ਨੇ ਮਾਰਕੀਟਾਂ ਦਾ ਦੌਰਾ ਕਰਕੇ ਆਪ ਕਰਵਾਉਣ ਦਾ ਡਰਾਮਾ ਕੀਤਾ ਸੀ|
ਉਹਨਾਂ ਕਿਹਾ ਕਿ ਮੰਤਰੀ ਨੇ ਕਮਿਸ਼ਨਰ ਦੇ ਦਬਾਅ ਪਾ ਕੇ ਪੁਰਾਣੇ ਟੈਂਡਰ ਖੋਲਣ ਤੋਂ ਰੋਕਿਆ ਹੈ ਜਿਨ੍ਹਾਂ ਵਿੱਚ ਓਪਨ ਜਿੰਮਾਂ ਦੇ ਟੈਂਡਰ ਪਾਰਕਾਂ ਦੇ ਵਿਕਾਸ ਟੈਂਡਰ ਸੜਕਾਂ ਤੇ ਪ੍ਰੀਮਿਕਸ ਪਾਉਣ ਦੇ ਟੈਂਡਰ ਆਦਿ ਸ਼ਾਮਿਲ ਹਨ| ਇਹਨਾਂ ਟੈਂਡਰਾਂ ਲਈ ਫੰਡ ਨਾ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਜਦਕਿ ਉਹਨਾਂ ਤੋਂ ਬਾਅਦ ਨਵੇਂ ਟੈਂਡਰ ਲਗਾਏ ਅਤੇ ਖੋਲ੍ਹੇ ਜਾ ਰਹੇ ਹਨ| ਉਹਨਾਂ ਕਿਹਾ ਕਿ ਸ੍ਰ. ਬਲਬੀਰ ਸਿੰਘ ਸਿੱਧੂ ਨਗਰ ਨਿਗਮ ਵਲੋਂ ਕਰਵਾਏ ਕੰਮਾਂ ਦਾ ਉਦਘਾਟਨ ਕਰਨ ਦੀ ਬਜਾਏ ਆਪਣੇ ਵਿਭਾਗ ਦੀ ਕਾਰਗੁਜਾਰੀ ਲੋਕਾਂ ਸਾਮ੍ਹਣੇ ਰੱਖਣ|