ਨਵੀਂ ਦਿੱਲੀ, 26 ਜੁਲਾਈ, 2020 : ਅਫਗਾਨਿਸਤਾਨ ਤੋਂ ਸਿੱਖ ਭਾਈਚਾਰੇ ਦੇ 11 ਮੈਂਬਰ ਅੱਜ ਸਵੇਰੇ ਇਥੇ ਪੁੱਜ ਗਏ। ਇਹਨਾਂ ਸਾਰਿਆ ਨੂੰ ਕਾਬੁਲ ਵਿਚਲੇ ਭਾਰਤੀ ਸਫਾਰਤਖਾਨੇ ਨੇ ਸ਼ਾਰਟ ਟਰਮ ਵੀਜ਼ੇ ਦਿੱਤੇ ਸਨ। ਇਹਨਾਂ ਵਿਚ ਨਿਧਾਨ ਸਿੰਘ ਸਚਦੇਵਾ ਨਾਂ ਦੇ ਵਿਅਕਤੀ ਵੀ ਸ਼ਾਮਲ ਹੈ ਜਿਸਨੂੰ ਪਿਛਲੇ ਮਹੀਨੇ ਗੁਰਦੁਆਰਾ ਸਾਹਿਬ ਤੋਂ ਅਗਵਾ ਕਰ ਲਿਆ ਗਿਆ ਸੀ ਤੇ ਫਿਰ ਰਿਹਾਅ ਕੀਤਾ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਸੁਰੱਖਿਆ ਖਤਰਿਆਂ ਕਾਰਨ ਅਫਗਾਨਿਸਤਾਨ ਤੋਂ ਭਾਰਤ ਆ ਕੇ ਰਹਿਣਾ ਚਾਹੁੰਦੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਇਥੇ ਲਿਆਉਣ ਲਈ ਕੰਮ ਕਰ ਰਿਹਾ ਹੈ। ਇਹ ਫੈਸਲਾ ਕਾਬੁਲ ਦੇ ਸ਼ੋਰ ਬਜ਼ਾਰ ਵਿਚ ਗੁਰਦੁਆਰਾ ਸਾਹਿਬ ‘ਤੇ ਕੱਟੜਵਾਦੀਆਂ ਵੱਲੋਂ ਹਮਲਾ ਕਰਨ ਦੇ ਚਾਰ ਮਹੀਨੇ ਬਾਅਦ ਆਇਆ ਹੈ। ਹਮਲੇ ਵਿਚ 25 ਜਣੇ ਮਾਰੇ ਗਏ ਸਨ।
ਭਾਰਤ ਨੇ ਅਫਗਾਨਿਸਤਾਨ ਵਿਚ ਅਤਿਵਾਦੀਆਂ ਵੱਲੋਂ ਘੱਟ ਗਿਣਤੀ ਫਿਰਕਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਇਸ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਅਫਗਾਨਿਸਤਾਨ ਦੇ ਸਿੱਖ ਆਗੂਆਂ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਚਿਰ ਕਾਲੀ ਵੀਜ਼ੇ ਦੇ ਕੇ ਇਥੇ ਰਹਿਣ ਲਈ ਲੀਗਲ ਐਂਟਰੀ ਦੇਵੇ। ਇਕ ਸਮਾਂ ਸੀ ਜਦੋਂ ਅਫਗਾਨਿਸਤਾਨ ਵਿਚ ਢਾਈ ਲੱਖ ਦੇ ਕਰੀਬ ਹਿੰਦੂ ਤੇ ਸਿੱਖ ਰਹਿੰਦੇ ਸਨ ਪਰ ਕੱਟੜਵਾਦੀ ਤਾਕਤਾਂ ਵੱਲੋਂ ਕੀਤੇ ਗਏ ਵਿਤਕਰੇ ਤੇ ਧੱਕੇਸ਼ਾਹੀ ਮਗਰੋਂ ਹੁਣ ਸਿਰਫ 100 ਦੇ ਕਰੀਬ ਪਰਿਵਾਰ ਹੀ ਉਥੇ ਰਹਿ ਗਏ ਹਨ।