ਐਸ ਏ ਐਸ ਨਗਰ, 26 ਜੁਲਈ : ਪਹਿਲੀ ਵਾਰ ਕਿਸੇ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋਕੇ ਦਿੱਤੇ ਥਾਪੜੇ ਤੋਂ ਬਾਅਦ ਪੰਜਾਬ ਭਰ ਦੇ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਬਾਗੋਬਾਗ ਹਨ। ਹਰ ਅਧਿਆਪਕ ਅਪਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਗੱਜ ਵਜਾਕੇ ਢੋਲ ਵਜਾ ਰਿਹਾ ਹੈ। ਪਿੰਡ ਪਿੰਡ ਵੱਡੇ ਪੱਧਰ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪੰਚਾਇਤਾਂ ਵੱਲ੍ਹੋਂ ਵੀ ਅਪਣੇ ਪਿੰਡਾਂ ਦੀ ਚੰਗੀ ਕਾਰਗੁਜ਼ਾਰੀ ਲਈ ਵੱਡੇ ਪੱਧਰ ਤੇ ਫਲੈਕਸ ਤਿਆਰ ਕੀਤੇ ਜਾ ਰਹੇ ਹਨ। ਬੇਸ਼ੱਕ ਪੰਜਾਬ ਭਰ ‘ਚ ਬਾਰ੍ਹਵੀਂ ਦੇ ਆਏ ਸ਼ਾਨਦਾਰ ਨਤੀਜਿਆਂ ਤੋਂ ਵੱਖ ਵੱਖ ਸਕੂਲਾਂ ਵੱਲ੍ਹੋਂ ਪਹਿਲਾ ਹੀ ਅਪਣੇ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਣ ਲਈ ਸ਼ੋਸਲ ਮੀਡੀਏ ਤੇ ਪੋਸਟਰ ਅਤੇ ਵੀਡੀਓਜ਼ ਬਣਾਕੇ ਪਾਈਆਂ ਜਾ ਰਹੀਆਂ ਸਨ,ਪਰ ਹੁਣ ਜਦੋਂ ਰਾਜ ਦੇ ਮੁੱਖ ਮੰਤਰੀ ਵੱਲ੍ਹੋਂ ਖੁੱਲ੍ਹੇ ਦਿਲ ਨਾਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋਕੇ ਅਧਿਆਪਕਾਂ ਦੀ ਰੱਜਵੀਂ ਤਾਰੀਫ਼ ਕੀਤੀ ਹੈ, ਤਾਂ ਉਨ੍ਹਾਂ ਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ। ਉਹ ਅਪਣੇ ਸਕੂਲਾਂ ਦੇ ਪ੍ਰਚਾਰ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਈ ਗਈ ਜ਼ੂਮ ਮੀਟਿੰਗ ਦੌਰਾਨ ਵੀ ਉਨ੍ਹਾਂ ਤੋਂ ਚਾਅ ਸਾਂਭਿਆ ਨੀ ਸੀ,ਜਾ ਰਿਹਾ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਲਈ ਕੋਈ ਸੰਡੇ ਮੰਡੇ ਨਹੀਂ, ਉਹ ਹਰ ਪਲ ਵਿਦਿਆਰਥੀਆਂ ਦੇ ਭਵਿੱਖ ਦੇ ਲੇਖੇ ਲਾਉਣਗੇ। ਸਿੱਖਿਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ, ਮਿਸ਼ਨ ਸਤ ਪ੍ਰਤੀਸ਼ਤ, ਸਵੇਰੇ ਸ਼ਾਮੀ ਅਧਿਆਪਕਾਂ ਵੱਲ੍ਹੋ ਗਰਮੀਆਂ, ਸਰਦੀਆਂ ਚ ਲਾਈਆਂ ਕਲਾਸਾਂ ਅਤੇ ਹੋਰ ਪੱਖ ਤੋ ਅਧਿਆਪਕਾਂ ਦੀ ਕੀਤੀ ਮਿਹਨਤ ਰਾਸ ਆਈ ਹੈ।ਇਸ ਮੌਕੇ ਡੀ ਪੀ ਆਈ ਲਲਿਤ ਕਿਸ਼ੋਰ ਘਈ,ਸਹਾਇਕ ਡਾਇਰੈਕਟਰ ਸਲਿੰਦਰ ਸਿੰਘ,ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਡਾ ਦੇਵਿੰਦਰ ਬੋਹਾ ਨੇ ਵੀ ਸਭਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ
ਬਾਰ੍ਹਵੀਂ ਕਲਾਸ ਦੇ ਆਏ 94.32 ਫੀਸਦੀ ਨਤੀਜੇ ਅਤੇ ਨਵੇਂ ਦਾਖਲਿਆਂ ਚ ਹੋਏ 13 ਪ੍ਰਤੀਸ਼ਤ ਦੇ ਰਿਕਾਰਡ ਵਾਧੇ ਲਈ ਖੁੱਲ੍ਹ ਦਿੱਲੀ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਦੀ ਮਿਹਨਤ ਦੀ ਦਾਦ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਈ ਸਮੇਂ ਹੁੰਦਾ ਸੀ,ਜਦੋਂ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਜਾਂਦੇ ਸਨ,ਹੁਣ ਸਰਕਾਰੀ ਸਕੂਲਾਂ ਦੀ ਬੇਹਤਰ ਕਾਰਗੁਜ਼ਾਰੀ ਕਰਕੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਆ ਰਹੇ ਹਨ।
ਮੁੱਖ ਮੰਤਰੀ ਵੱਲ੍ਹੋਂ 98 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਨੰਬਰਾਂ ਵਾਲੇ ਜਿਹੜੇ 335 ਵਿਦਿਆਰਥੀਆਂ ਨੂੰ 5100 ਰੁਪਏ ਦੇਣੇ ਹਨ,ਉਨ੍ਹਾਂ ਵਿਚ ਸਰਕਾਰੀ ਸਕੂਲਾਂ ਦੇ 155 ਵਿਦਿਆਰਥੀ ਸ਼ਾਮਲ ਹਨ,ਜਿਨ੍ਹਾਂ ਵਿਚੋਂ ਸਭ ਤੋੱਂ ਵੱਧ 19 ਵਿਦਿਆਰਥੀ ਮਾਨਸਾ ਜ਼ਿਲ੍ਹੇ ਦੇ ਹਨ,ਦੂਜੇ ਨੰਬਰ ਤੇ 18 ਵਿਦਿਆਰਥੀ ਫਾਜਿਲਕਾ ਜ਼ਿਲ੍ਹੇ ਤੇ ਹਨ ਅਤੇ ਤੀਸਰੇ ਨੰਬਰ ਤੇ ਸੰਗਰੂਰ ਅਤੇ ਬਠਿੰਡਾ ਦੇ 12-12 ਵਿਦਿਆਰਥੀ ਸ਼ਾਮਲ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਵਿਭਾਗ ਵੱਲ੍ਹੋਂ ਪੂਰੇ ਪੇਪਰ ਨਾ ਹੋਣ ਕਾਰਨ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਪਰ ਜੇਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਭ ਤੋ ਵੱਧ ਆਏ ਨੰਬਰਾਂ ਦੀ ਗੱਲ ਕੀਤੀ ਜਾਵੇ ਤਾਂ 449/450 ਅੰਕ ਪ੍ਰਾਪਤ ਕਰਨ ਵਾਲੇ ਜ਼ਿਲ੍ਹਿਆਂ ਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਕੰਨਿਆਂਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ,ਪ੍ਰਭਜੋਤ ਕੌਰ ਸਸਸਸ ਸਿੱਧੂਪੁਰ ਕਲਾਂ (ਫਤਿਹਗੜ ਸਾਹਿਬ ),ਵੀਨੂੰ ਬਾਲਾ ਸਸਸਸ ਚੱਕਬਣਵਾਲਾ ( ਫਾਜਿਲਕਾ ) , ਅਮਨਦੀਪ ਸਿੰਘ ਸਸਸਸ ਲਾਲੋਵਾਲੀ ( ਫਾਜਿਲਕਾ ) ,ਪਰਵਿੰਨਕਲਜੀਤ ਕੌਰ ਸਸਸਸ ਮੁੰ ਕਾਹਨੂੰਵਾਨ ( ਗੁਰਦਾਸਪੁਰ )’ਬਲਵਿੰਦਰ ਕੌਰ ਸਸਸਸ ਰਾਜੇਵਾਲ ( ਲੁਧਿਆਣਾ ) , ਹਰਨੀਤ ਕੌਰ ਸਸਸਸ ਮੁਕੰਦਪੁਰ ( ਸ਼ਹੀਦ ਭਗਤ ਸਿੰਘ ਨਗਰ ) , ਪੂਨਮ ਦੇਵੀ ਸਸਸਸ ਰਾਮਪੁਰ ਸੈਣੀਆਂ ( ਐਸ. ਏ.ਐਸ .ਨਗਰ ) ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਕੀਤੇ ਐਲਾਨ ਮੁਤਾਬਕ ਪੰਜਾਬ ਦੇ 335 ਵਿਦਿਆਰਥੀਆਂ ਨੂੰ 5100 ਦੇ ਹਿਸਾਬ ਨਾਲ 17,08,500 ਰੂਪੈ ਦੀ ਕੁੱਲ ਰਾਸ਼ੀ ਦਿੱਤੀ ਜਾਣੀ ਹੈ।