ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਜੀਅ 2 ਲੱਖ ਰੁਪਏ ਮੁਆਵਜ਼ਾ ਐਲਾਨਿਆ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੁਧਿਆਣਾ ਦੇ ਡਾਬਾ ਰੋਡ ਸਥਿਤ ਬਾਬਾ ਮੁਕੰਦ ਸਿੰਘ ਨਗਰ ਵਿੱਚ ਇਕ ਫੈਕਟਰੀ ਦੀ ਛੱਤ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦਿੱਤੇ। ਇਸ ਘਟਨਾ ਵਿੱਚ ਚਾਰ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ‘ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਤੀ ਜੀਅ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨੂੰ ਜ਼ਖਮੀਆਂ ਦੇ ਮੁਫਤ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਮੈਜਿਸਟ੍ਰੇਟੀ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਇਸ ਸਬੰਧੀ ਦੋ ਹਫਤਿਆਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਲਾਪਰਵਾਹੀ ਲਈ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਹ ਦੁਖਦਾਇਕ ਹਾਦਸਾ ਸਵੇਰੇ 9.50 ਦੇ ਕਰੀਬ ਵਾਪਰਿਆ ਜਦੋਂ ਮੈਸਰਜ਼ ਜਸਮੇਲ ਸਿੰਘ ਤੇ ਸੰਨਜ਼ ਦੇ ਆਟੋ ਪਾਰਟ ਉਤਪਾਦਨ ਵਿੱਚ 40 ਕਾਮੇ ਕੰਮ ਕਰ ਰਹੇ ਸਨ। ਬਚਾਓ ਕਾਰਜ ਟੀਮਾਂ ਨੇ 36 ਵਿਅਕਤੀਆਂ ਨੂੰ ਮਲਬੇ ਵਿੱਚੋਂ ਸਫਲਤਾਪੂਰਵਕ ਬਚਾ ਲਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਛੇ ਵਿਅਕਤੀ ਜ਼ੇਰੇ ਇਲਾਜ ਹੈ ਜਿਨ੍ਹਾਂ ਵਿੱਚੋਂ ਇਕ ਦੀ ਸਥਿਤੀ ਨਾਜ਼ੁਕ ਹੈ।ਮ੍ਰਿਤਕਾਂ ਦੀ ਸ਼ਨਾਖਤ ਬਿਹਾਰ ਵਾਸੀ ਮੁਸਤਕੀਨ ਤੇ ਸਾਗਰ ਕੁਮਾਰ ਅਤੇ ਲੁਧਿਆਣਾ ਵਾਸੀ ਪੀਚੂ ਤੇ ਇਮਤਿਆਜ਼ ਵਜੋਂ ਹੋਈ ਹੈ।