ਬਠਿੰਡਾ, 26 ਜੁਲਾਈ 2020 – ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਨੇ ਕੋਰੋਨਾ ਸਬੰਧੀ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਅੱਜ ਇੱਥੇ ਝੂਠੇ ਕੇਸਾਂ ਅਧੀਨ ਜੇਲੀਂ ਡੱਕੇ ਇਨਕਲਾਬੀ ਕਵੀ ਵਰਵਰਾ ਰਾਓ ਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਹੋਰ ਕਾਰਕੁੰਨਾਂ ਦੀ ਰਿਹਾਈ ਲਈ ਹੱਥ ’ਚ ਇਸ ਮੰਤਵ ਦੀਆਂ ਤਖਤੀਆਂ ਫੜ ਕੇ ਰੋਸ ਵਖਾਵਾ ਕੀਤਾ ਅਤੇ ਲੋਕ ਸੰਪਰਕ ਮੁਹਿੰਮ ਤਹਿਤ ਹੱਥ ਪਰਚੇ ਵੰਡੇ। ਇਸ ਮੌਕੇ ਜਮਹੂਰੀ ਆਗੂਆਂ ਤੇ ਕਾਰਕੁੰਨਾਂ ਨੇ ਐਡਵੋਕੇਟ ਸੁਦੀਪ ਸਿੰਘ ਦੀ ਅਗਵਗਾਈ ਹੇਠ ਨਾਅਰੇ ਲਾਏ ਅਤੇ ਮੰਗਾਂ ਉਭਾਰੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਪਿ੍ਰੰ ਬੱਗਾ ਸਿੰਘ, ਜਨਰਲ ਸਕੱਤਰ ਪਿ੍ਰਤਪਾਲ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਭਾਰਤੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਲਈ ਲਗਾਤਾਰ ਆਵਾਜ ਬੁਲੰਦ ਕਰਦੇ ਤੇ ਕਰੋਨਾ ਪੀੜਤ ਇਨਕਲਾਬੀ ਕਵੀ ਵਰਵਰਾ ਰਾਓ ਸਮੇਤ ਕਈ ਹੋਰ ਕਾਰਕੁੰਨਾਂ ਨੂੰ ਯੂ ਏ ਪੀ ਏ ਆਦਿ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਪਾ ਕੇ ਜੇਲਾਂ ਅੰਦਰ ਡੱਕਿਆ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਹਸਪਤਾਲ ’ਚ ਇਲਾਜਅਧੀਨ ਵਰਵਰਾ ਰਾਓ ਦੇ ਮਾਪਿਆਂ ਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਤਰਾਂ ਭਾਰਤੀ ਸੱਤਾ ਉਨਾਂ ਨੂੰ ਬਦਤਰ ਹਾਲਤਾਂ ਚ ਰੱਖ ਕੇ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਆਗੂਆਂ ਨੇ ਕਰੋਨਾ ਦੇ ਬਹਾਨੇ ਲੋਕਾਂ ਅੰਦਰ ਬੇਲੋੜੀ ਦਹਿਸ਼ਤ ਪਾਉਣੀ, ਰੁਜਗਾਰ ਖਤਮ ਕਰਨੇ, ਸਿੱਖਿਆ ਉੱਪਰ ਚੌਤਰਫੇ ਹਮਲੇ ,ਸਿਹਤ ਸੇਵਾਵਾਂ ਦਾ ਵਿਨਾਸ਼ ਕਰਨਾ, ਖੇਤੀ ਸਬੰਧੀ ਤਿੰਨ ਮਾਰੂ ਆਰਡੀਨੈਂਸ ਲੈ ਕੇ ਆਉਣੇ,ਬਿਜਲੀ ਸੋਧ ਬਿੱਲ-2020 ਲਿਆਉਣਾ, ਕੋਰੋਨਾ ਬਹਾਨੇ ਲੋਕਾਂ ਤੇ ਬੇਲੋੜੇ ਕੇਸ ਮੜਨੇ, ਕਿਰਤ ਕਾਨੂੰਨਾ ਚ ਮਾਰੂ ਤਬਦੀਲੀਆਂ ਕਰਨੀਆਂ,ਲੋਕਾਂ ਦਾ ਉਜਾੜਾ ਕਰਨਾ, ਤੇਲ ਕੀਮਤਾਂ ਵਿੱਚ ਬੇਹੱਦ ਵਾਧਾ, ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ, ਜਨਤਕ ਜਾਇਦਾਦਾਂ ਨੂੰ ਨਿੱਜੀ ਮੁਨਾਫਾਖੋਰਾਂ ਕੋਲ ਕੌਡੀਆਂ ਦੇ ਭਾਅ ਵੇਚਣਾ, ਕਰੋਨਾਂ ਦੇ ਬਹਾਨੇ ਲੋਕਾਂ ਦੇ ਰੋਸ ਪ੍ਗਟਾਵੇ ਤੇ ਪਾਬੰਦੀ ਲਾਉਣੀ ਬੰਦ ਕਰਨ ਕਰਨ ਅਤੇ ਬਠਿੰਡਾ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਸੁਲਝਾਉਣ ਦੀ ਮੰਗ ਕੀਤੀ। ਅੰੰਤ ’ਚ ਸਭਾ ਆਗੂਆਂ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ।