ਫ਼ਤਿਹਗੜ੍ਹ ਸਾਹਿਬ 16 ਮਈ 2024- ਡੇਂਗੂ ਬੁਖਾਰ ਤੋਂ ਬਚਾਓ ਤੇ ਜਾਗਰੂਕਤਾ ਸਬੰਧੀ ਸਿਵਿਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਸੀ ਐਚ ਸੀ ਚਨਾਰਥਲ ਕਲਾਂ ਅਧੀਨ ਸਾਰੇ ਸਿਹਤ ਕੇਂਦਰਾਂ ਵੱਲੋਂ ਥੀਮ ” ਸੁਰੱਖਿਅਤ ਭਵਿੱਖ ਲਈ ਜਿੰਮੇਵਾਰੀ ਸਮਝੋ” ਤਹਿਤ ਰਾਸ਼ਟਰੀ ਡੇਂਗੂ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰਿੰਦਰ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਰਨਾਥਲ ਕਲਾਂ ਵਿਖੇ ਬੱਚਿਆਂ ਦੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇਸ ਮੌਕੇ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣਾਂ ਬਚਾ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ ਕਿ ਡੇਂਗੂ ਦੇ ਮੱਛਰ ਦੀ ਪੈਦਾਇਸ਼ ਨੂੰ ਰੋਕਣ ਦੇ ਯਤਨ ਕਰੀਏ ਅਤੇ ਸਿਹਤ ਵਿਭਾਗ ਵੱਲੋਂ ਉਲੀਕੀ ਗਈ ਹਰ ਸ਼ੁੱਕਰਵਾਰ ਖੁਸ਼ਕ ਦਿਵਸ ਮੁਹਿੰਮ ਨੂੰ ਸਫਲ ਬਣਾਈਏ।
ਉਨ੍ਹਾਂ ਕਿਹਾ ਕਿ ਡੇਂਗੂ ਵਰਗੀ ਬਿਮਾਰੀ ਦਾ ਖਾਤਮਾ ਸਭਨਾਂ ਦੇ ਸਹਿਯੌਗ ਨਾਲ ਹੀ ਸੰਭਵ ਹੈ। ਬਲਾਕ ਐਕਸਟੈਂਸ਼ਨ ਐਜੂਕੇਸ਼ਨ ਮਹਾਵੀਰ ਸਿੰਘ ਵੱਲੋਂ ਡੇਂਗੂ ਦੇ ਲੱਛਣਾਂ,ਇਲਾਜ਼ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਡੇਂਗੂ ਮੱਛਰ ਦੀ ਪੈਦਾਵਾਰ ਨਾ ਹੋਵੇ ਅਜਿਹੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੱਛਰਾਂ ਦੀ ਪੈਦਾਇਸ਼ ਨੁੰ ਰੋਕਣ ਲਈ ਅਗਾਉ ਸਾਵਧਾਨੀਆਂ ਜਿਵੇਂ ਕੁਲਰਾਂ ਅਤੇ ਗਮਲਿਆਂ ਦੀਆਂ ਟਰੇਆ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕਰਨਾ, ਛੱਤਾਂ ਤੇਂ ਰੱਖੀਆ ਪਾਣੀ ਦੀਆਂ ਟੈਂਕੀਆ ਦੇ ਢੱਕਣ ਚੰਗੀ ਤਰਾਂ ਬੰਦ ਕਰਕੇ ਰੱਖਣਾ, ਟੁਟੇ ਡਰਮਾਂ, ਬਰਤਨਾਂ ਅਤੇ ਟਾਇਰਾਂ ਨੂੰ ਖੁਲੇ ਵਿੱਚ ਨਾ ਰੱਖਣਾ ਆਦਿ ਵਰਗੀਆਂ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਦੀਪ ਕੌਰ, ਅਧਿਆਪਕ ਦੀਪਕ ਸ਼ਰਮਾਂ, ਮਹਾਵੀਰ ਸਿੰਘ ਬਲਾਕ ਐਕਸਟੈਨਸ਼ਨ ਐਜ਼ੂਕੇਟਰ, ਚਰਨਵੀਰ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ ਸਮੂਹ ਵਿਦਿਆਰਥੀ ਹਾਜਰ ਸਨ।